ਲੱਖ ਦਾਤਾ ਦਰਬਾਰ ਕਾਦੀਆਂ ਵਿਖੇ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ ਸਾਲਾਨਾ ਭੰਡਾਰਾ, ਹਜ਼ਾਰਾਂ ਸੰਗਤਾਂ ਨੇ ਭਰੀ ਹਾਜ਼ਰੀ

ਸਾਲਾਨਾ ਭੰਡਾਰੇ ਦੌਰਾਨ ਹਾਜ਼ਰ ਸੰਗਤਾਂ, ਕਮੇਟੀ ਪ੍ਰਧਾਨ ਅਤੇ ਹੋਰ ਪਤਵੰਤੇ, ਜਦਕਿ ਦੂਜੇ ਪਾਸੇ ਪ੍ਰਸਿੱਧ ਕਵਾਲ ਸ਼ਸ਼ੀ ਸ਼ਾਹਿਦ ਆਪਣੀਆਂ ਕਵਾਲੀਆਂ ਪੇਸ਼ ਕਰਦੇ ਹੋਏ। (ਜ਼ੀਸ਼ਾਨ)

ਕਾਦੀਆਂ, 10 ਜੁਲਾਈ (ਜ਼ੀਸ਼ਾਨ): ਬਾਬਾ ਲੱਖ ਦਾਤਾ ਧਰਮਸ਼ਾਲਾ ਕਮੇਟੀ ਬੱਸ ਸਟੈਂਡ ਕਾਦੀਆਂ ਅਤੇ ਸਮੂਹ ਸੰਗਤ ਦੇ ਸਹਿਯੋਗ ਨਾਲ ਬਾਬਾ ਲੱਖ ਦਾਤਾ ਦਰਬਾਰ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਾਲਾਨਾ ਭੰਡਾਰਾ ਸ਼ਰਧਾ, ਭਗਤੀ ਅਤੇ ਧਾਰਮਿਕ ਉਤਸ਼ਾਹ ਨਾਲ ਕਰਵਾਇਆ ਗਿਆ। ਇਸ ਮੌਕੇ ਵੱਖ-ਵੱਖ ਇਲਾਕਿਆਂ ਤੋਂ ਵੱਡੀ ਗਿਣਤੀ ਵਿੱਚ ਪੁੱਜੀਆਂ ਸੰਗਤਾਂ ਨੇ ਦਰਬਾਰ ਵਿਖੇ ਨਤਮਸਤਕ ਹੋ ਕੇ ਬਾਬਾ ਲੱਖ ਦਾਤਾ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਅਤੇ ਅਤੁੱਟ ਲੰਗਰ ਦਾ ਪ੍ਰਸ਼ਾਦ ਛਕਿਆ।
ਦਰਬਾਰ ਕਮੇਟੀ ਦੇ ਪ੍ਰਧਾਨ ਜੋਗਿੰਦਰ ਪਾਲ ਬਿੱਟੂ ਨੇ ਦੱਸਿਆ ਕਿ ਧਾਰਮਿਕ ਸਮਾਗਮ ਦੀ ਸ਼ੁਰੂਆਤ ਸਵੇਰੇ ਦਰਗਾਹ 'ਤੇ ਚਾਦਰ ਚੜ੍ਹਾਉਣ ਨਾਲ ਕੀਤੀ ਗਈ। ਇਸ ਉਪਰੰਤ ਰਵਾਇਤੀ ਝੰਡਾ ਰਸਮ ਅਦਾ ਕੀਤੀ ਗਈ ਅਤੇ ਸੰਗਤ ਵਿੱਚ ਬਾਬਾ ਜੀ ਦੇ ਨਾਮ ਦਾ ਅਤੁੱਟ ਲੰਗਰ ਵਰਤਾਇਆ ਗਿਆ। ਇਹ ਸਮਾਰੋਹ ਕਲ ਵੀ ਜਾਰੀ ਰਹੇਗਾ।
ਸ਼ਾਮ ਸਮੇਂ ਬੱਸ ਸਟੈਂਡ ਕਾਦੀਆਂ ਵਿਖੇ ਸਾਲਾਨਾ ਭੰਡਾਰੇ ਨੂੰ ਸਮਰਪਿਤ ਇੱਕ ਵਿਸ਼ੇਸ਼ ਧਾਰਮਿਕ ਅਤੇ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ। ਇਸ ਦੌਰਾਨ ਪੰਜਾਬ ਦੇ ਪ੍ਰਸਿੱਧ ਕਵਾਲ ਸ਼ਸ਼ੀ ਸ਼ਾਹਿਦ ਨੇ ਆਪਣੀਆਂ ਸੂਫ਼ੀਆਨਾ ਕਵਾਲੀਆਂ ਰਾਹੀਂ ਸੰਗਤ ਨੂੰ ਨਿਹਾਲ ਕੀਤਾ। ਸਮਾਗਮ ਦੌਰਾਨ ਦਰਬਾਰ ਕਮੇਟੀ ਵੱਲੋਂ ਸ਼ਸ਼ੀ ਸ਼ਾਹਿਦ ਅਤੇ ਹੋਰ ਪਹੁੰਚੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਵੀ ਕੀਤਾ ਗਿਆ।
ਇਸ ਮੌਕੇ ਸੰਗਤ ਵੱਲੋਂ ਵੱਖ-ਵੱਖ ਥਾਵਾਂ 'ਤੇ ਠੰਢੇ ਮਿੱਠੇ ਜਲ ਦੀਆਂ ਛਬੀਲਾਂ ਅਤੇ ਅਨੇਕਾਂ ਪ੍ਰਕਾਰ ਦੇ ਲੰਗਰ ਲਗਾ ਕੇ ਸੇਵਾ ਕੀਤੀ ਗਈ। ਪ੍ਰਧਾਨ ਜੋਗਿੰਦਰ ਪਾਲ ਬਿੱਟੂ ਨੇ ਸਮਾਗਮ ਵਿੱਚ ਸ਼ਾਮਲ ਹੋਏ ਮੁੱਖ ਮਹਿਮਾਨਾਂ, ਕਲਾਕਾਰਾਂ, ਸੇਵਾਦਾਰਾਂ ਅਤੇ ਸੰਗਤ ਦਾ ਦਰਬਾਰ ਵਿਖੇ ਪਹੁੰਚਣ ਲਈ ਤਹਿ ਦਿਲੋਂ ਧੰਨਵਾਦ ਪ੍ਰਗਟ ਕੀਤਾ।
ਇਸ ਮੌਕੇ ਚੇਅਰਮੈਨ ਵਰਿੰਦਰ ਪ੍ਰਭਾਕਰ, ਬਾਬਾ ਨੰਦਨੀ ਜੀ, ਬਾਬਾ ਬਿੱਟੂ, ਮੱਖਣ ਸ਼ਾਹ, ਸੋਨੂ ਭਗਤ, ਗੁਰਜੀਤ, ਭਾਜਪਾ ਮਹਿਲਾ ਪ੍ਰਧਾਨ ਕੁਲਵਿੰਦਰ ਕੌਰ, ਸਾਬਕਾ ਨਗਰ ਕੌਂਸਲ ਪ੍ਰਧਾਨ ਮੈਡਮ ਨੇਹਾ, ਕੌਂਸਲਰ ਜੋਗਿੰਦਰ ਪਾਲ ਨੰਦੂ, ਸਮਾਜ ਸੇਵਕ ਅਸ਼ਵਨੀ ਵਰਮਾ, ਸੰਦੀਪ, ਆਸ਼ੂ, ਸਿਕੰਦਰ, ਸਮੂਹ ਕਮੇਟੀ ਮੈਂਬਰ ਅਤੇ ਇਲਾਕੇ ਦੀਆਂ ਸੰਗਤਾਂ ਵੱਡੀ ਗਿਣਤੀ ਵਿੱਚ ਹਾਜ਼ਰ ਸਨ।


Post a Comment

© Qadian Times. All rights reserved. Distributed by ASThemesWorld