![]() |
| ਨੁਕਸਾਨੇ ਗਏ ਟਿੱਪਰ ਬਾਰੇ ਜਾਣਕਾਰੀ ਦਿੰਦੇ ਟਿੱਪਰ ਚਾਲਕ ਰਣਜੀਤ ਸਿੰਘ ਅਤੇ ਹੋਰ ਸਾਥੀ। (ਜ਼ੀਸ਼ਾਨ) |
ਕਾਦੀਆਂ, 19 ਜੂਨ (ਜ਼ੀਸ਼ਾਨ): ਨਜ਼ਦੀਕੀ ਪਿੰਡ ਧਾਰੀਵਾਲ ਭੋਜਾ ਵਿੱਚ ਉਸ ਸਮੇਂ ਵੱਡਾ ਹਾਦਸਾ ਟਲ ਗਿਆ ਜਦੋਂ ਇੱਕ ਟਿੱਪਰ 220 ਕੇ.ਵੀ ਬਿਜਲੀ ਟਰਾਂਸਮਿਸ਼ਨ ਲਾਈਨ ਦੀ ਲਪੇਟ ਵਿੱਚ ਆ ਗਿਆ। ਇਸ ਦੌਰਾਨ ਟਿੱਪਰ ਚਾਲਕ ਵਾਲ-ਵਾਲ ਬਚ ਗਿਆ, ਪਰ ਟਿੱਪਰ ਦਾ ਭਾਰੀ ਨੁਕਸਾਨ ਹੋ ਗਿਆ।
ਜਾਣਕਾਰੀ ਦਿੰਦਿਆਂ ਟਿੱਪਰ ਚਾਲਕ ਰਣਜੀਤ ਸਿੰਘ ਵਾਸੀ ਧਾਰੀਵਾਲ ਭੋਜਾ ਨੇ ਦੱਸਿਆ ਕਿ ਉਹ ਟਿੱਪਰ ਖਾਲੀ ਕਰਕੇ ਆਪਣੇ ਪਿੰਡ ਵਾਪਸ ਜਾ ਰਿਹਾ ਸੀ। ਜਿਵੇਂ ਹੀ ਉਹ ਪਿੰਡ ਅੰਦਰ ਪਹੁੰਚਿਆ ਤਾਂ ਉੱਪਰੋਂ ਲੰਘ ਰਹੀਆਂ 220 ਕੇ.ਵੀ ਬਿਜਲੀ ਲਾਈਨਾਂ ਨਾਲ ਸੰਪਰਕ ਹੋਣ ਕਾਰਨ ਜ਼ੋਰਦਾਰ ਕਰੰਟ ਲੱਗਾ, ਜਿਸ ਨਾਲ ਟਿੱਪਰ ਦੇ ਸਾਰੇ ਟਾਇਰ ਫਟ ਗਏ। ਉਸ ਨੇ ਦੱਸਿਆ ਕਿ ਇਸ ਹਾਦਸੇ ਵਿੱਚ ਉਹ ਕਿਸਮਤ ਨਾਲ ਬਚ ਗਿਆ, ਪਰ ਉਸ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ।
ਘਟਨਾ ਦੀ ਸੂਚਨਾ ਮਿਲਣ 'ਤੇ ਬਿਜਲੀ ਵਿਭਾਗ ਦੇ ਅਧਿਕਾਰੀਆਂ ਅਤੇ ਐਸ.ਡੀ.ਓ. ਨਰਿਪਜੀਤ ਸਿੰਘ ਨੇ ਮੌਕੇ 'ਤੇ ਪਹੁੰਚ ਕੇ ਜਾਇਜ਼ਾ ਲਿਆ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।
ਰਣਜੀਤ ਸਿੰਘ ਅਤੇ ਉਸ ਦੇ ਸਾਥੀਆਂ ਨੇ ਪੰਜਾਬ ਸਰਕਾਰ ਅਤੇ ਬਿਜਲੀ ਵਿਭਾਗ ਤੋਂ ਨੁਕਸਾਨ ਦੀ ਭਰਪਾਈ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਘਟਨਾ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਭਵਿੱਖ ਵਿੱਚ ਅਜਿਹੇ ਹਾਦਸਿਆਂ ਤੋਂ ਬਚਿਆ ਜਾ ਸਕੇ।
