![]() |
| ਨਗਰ ਕੌਂਸਲ ਚੋਣਾਂ ਵਿੱਚ ਜਿੱਤ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਗੁਰਇਕਬਾਲ ਸਿੰਘ ਮਾਹਲ ਅਤੇ ਵਾਰਡ ਨੰਬਰ 5 ਤੋਂ ਜੇਤੂ ਗੁਰਦਿਲਬਾਗ ਸਿੰਘ ਨੀਟਾ ਮਾਹਲ ਲੋਕਾਂ ਦਾ ਧੰਨਵਾਦ ਕਰਦੇ ਹੋਏ। (ਜ਼ੀਸ਼ਾਨ) |
ਕਾਦੀਆਂ, 13 ਜੂਨ (ਜ਼ੀਸ਼ਾਨ): ਨਗਰ ਕੌਂਸਲ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਮਿਲੀ ਵੱਡੀ ਜਿੱਤ ਤੋਂ ਬਾਅਦ ਹਲਕਾ ਇੰਚਾਰਜ ਗੁਰਇਕਬਾਲ ਸਿੰਘ ਮਾਹਲ ਅਤੇ ਮਾਹਲ ਪਰਿਵਾਰ ਨੇ ਸ਼ਹਿਰ ਵਾਸੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਲੋਕਾਂ ਨੇ ਪਾਰਟੀ ਅਤੇ ਮਾਹਲ ਪਰਿਵਾਰ 'ਤੇ ਵਿਸ਼ਵਾਸ ਜਤਾਉਂਦਿਆਂ ਭਰਪੂਰ ਸਮਰਥਨ ਦਿੱਤਾ ਹੈ।
ਗੁਰਇਕਬਾਲ ਸਿੰਘ ਮਾਹਲ ਨੇ ਕਿਹਾ ਕਿ ਚੋਣ ਨਤੀਜਿਆਂ ਨੇ ਸਾਬਤ ਕਰ ਦਿੱਤਾ ਹੈ ਕਿ ਲੋਕਾਂ ਦਾ ਵਿਸ਼ਵਾਸ ਸ਼੍ਰੋਮਣੀ ਅਕਾਲੀ ਦਲ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪਾਰਟੀ ਨੂੰ ਮਿਲੀ ਇਹ ਜਿੱਤ ਭਵਿੱਖ ਲਈ ਵੀ ਉਤਸ਼ਾਹਜਨਕ ਸੰਕੇਤ ਹੈ। ਉਨ੍ਹਾਂ ਸਮੂਹ ਵੋਟਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਲੋਕਾਂ ਦੀਆਂ ਉਮੀਦਾਂ 'ਤੇ ਖਰਾ ਉਤਰਨ ਲਈ ਵਚਨਬੱਧ ਹੈ।
ਵਾਰਡ ਨੰਬਰ 5 ਤੋਂ ਵੱਡੇ ਫਰਕ ਨਾਲ ਜੇਤੂ ਰਹੇ ਨੌਜਵਾਨ ਅਕਾਲੀ ਆਗੂ ਗੁਰਦਿਲਬਾਗ ਸਿੰਘ ਨੀਟਾ ਮਾਹਲ ਨੇ ਵੀ ਆਪਣੇ ਵਾਰਡ ਵਾਸੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਵਾਰਡ ਦੇ ਲੋਕਾਂ ਨੇ ਉਨ੍ਹਾਂ 'ਤੇ ਭਰੋਸਾ ਜਤਾਇਆ ਹੈ ਅਤੇ ਉਹ ਇਸ ਵਿਸ਼ਵਾਸ 'ਤੇ ਪੂਰਾ ਉਤਰਨ ਦੀ ਕੋਸ਼ਿਸ਼ ਕਰਨਗੇ।
ਨੀਟਾ ਮਾਹਲ ਨੇ ਕਿਹਾ ਕਿ ਉਹ ਆਪਣੇ ਵਾਰਡ ਦੇ ਵਿਕਾਸ ਅਤੇ ਲੋਕਾਂ ਨੂੰ ਬਿਹਤਰ ਸਹੂਲਤਾਂ ਮੁਹੱਈਆ ਕਰਵਾਉਣ ਲਈ ਲਗਾਤਾਰ ਕੰਮ ਕਰਨਗੇ। ਉਨ੍ਹਾਂ ਸਮੂਹ ਸ਼ਹਿਰ ਵਾਸੀਆਂ ਅਤੇ ਸਮਰਥਕਾਂ ਦਾ ਚੋਣਾਂ ਦੌਰਾਨ ਮਿਲੇ ਸਹਿਯੋਗ ਲਈ ਵਿਸ਼ੇਸ਼ ਧੰਨਵਾਦ ਕੀਤਾ।
