ਕਾਦੀਆਂ ਨਗਰ ਕੌਂਸਲ ਮਾਨਸੂਨ ਤੋਂ ਪਹਿਲਾਂ ਸਰਗਰਮ, ਨਾਲਿਆਂ ਦੀ ਸਫ਼ਾਈ ਤੇ ਟਰੈਫਿਕ ਸੁਧਾਰ ਲਈ ਜਾਰੀ ਕੀਤੇ ਆਦੇਸ਼

ਕਾਦੀਆਂ ਦੇ ਕਾਰਜਕਾਰੀ ਅਧਿਕਾਰੀ ਭੂਪਿੰਦਰ ਸਿੰਘ ਵੱਲੋਂ ਸ਼ਹਿਰ ਦੇ ਵੱਖ-ਵੱਖ ਨਾਲਿਆਂ ਦੀ ਸਫ਼ਾਈ ਅਤੇ ਪਾਣੀ ਦੀ ਨਿਕਾਸੀ ਪ੍ਰਣਾਲੀ ਲਈ ਸਬੰਧਤ ਅਧਿਕਾਰੀਆਂ ਨੂੰ ਲੋੜੀਂਦੇ ਨਿਰਦੇਸ਼ ਜਾਰੀ ਕਰਦਿਆਂ। (ਜ਼ੀਸ਼ਾਨ)

ਕਾਦੀਆਂ, 16 ਜੂਨ (ਜ਼ੀਸ਼ਾਨ): ਨਗਰ ਕੌਂਸਲ ਚੋਣਾਂ ਤੋਂ ਬਾਅਦ ਸ਼ਹਿਰ ਦੇ ਵਿਕਾਸ ਕਾਰਜਾਂ ਅਤੇ ਨਾਗਰਿਕ ਸਹੂਲਤਾਂ ਨੂੰ ਹੋਰ ਬਿਹਤਰ ਬਣਾਉਣ ਲਈ ਨਗਰ ਕੌਂਸਲ ਪ੍ਰਸ਼ਾਸਨ ਨੇ ਆਪਣੀਆਂ ਗਤੀਵਿਧੀਆਂ ਤੇਜ਼ ਕਰ ਦਿੱਤੀਆਂ ਹਨ। ਆਉਣ ਵਾਲੇ ਮਾਨਸੂਨ ਸੀਜ਼ਨ ਨੂੰ ਧਿਆਨ ਵਿੱਚ ਰੱਖਦਿਆਂ ਕਾਰਜਕਾਰੀ ਅਧਿਕਾਰੀ ਭੂਪਿੰਦਰ ਸਿੰਘ ਵੱਲੋਂ ਸ਼ਹਿਰ ਦੇ ਵੱਖ-ਵੱਖ ਨਾਲਿਆਂ ਦੀ ਸਫ਼ਾਈ ਅਤੇ ਪਾਣੀ ਦੀ ਨਿਕਾਸੀ ਪ੍ਰਣਾਲੀ ਨੂੰ ਮਜ਼ਬੂਤ ਬਣਾਉਣ ਲਈ ਸਬੰਧਤ ਅਧਿਕਾਰੀਆਂ ਨੂੰ ਲੋੜੀਂਦੇ ਨਿਰਦੇਸ਼ ਜਾਰੀ ਕੀਤੇ ਗਏ ਹਨ।
ਭੂਪਿੰਦਰ ਸਿੰਘ ਨੇ ਕਿਹਾ ਕਿ ਬਰਸਾਤੀ ਮੌਸਮ ਦੌਰਾਨ ਜਲ ਭਰਾਅ ਦੀ ਸਮੱਸਿਆ ਤੋਂ ਲੋਕਾਂ ਨੂੰ ਬਚਾਉਣ ਅਤੇ ਸ਼ਹਿਰ ਵਿੱਚ ਸਫ਼ਾਈ ਨੂੰ ਯਕੀਨੀ ਬਣਾਉਣ ਲਈ ਪਹਿਲਾਂ ਹੀ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਸੇ ਤਹਿਤ ਨਾਲਿਆਂ ਦੀ ਸਫ਼ਾਈ ਦਾ ਕੰਮ ਤੇਜ਼ੀ ਨਾਲ ਕਰਵਾਇਆ ਜਾ ਰਿਹਾ ਹੈ ਤਾਂ ਜੋ ਪਾਣੀ ਦੀ ਨਿਕਾਸੀ ਵਿੱਚ ਕੋਈ ਰੁਕਾਵਟ ਨਾ ਆਵੇ।
ਉਨ੍ਹਾਂ ਨੇ ਹਰਚੋਵਾਲ ਰੋਡ ਤੋਂ ਨਿਕਲਦੇ ਵਨ-ਵੇ ਮਾਰਗ ਦਾ ਦੌਰਾ ਕਰਕੇ ਟਰੈਫਿਕ ਪ੍ਰਬੰਧ ਨੂੰ ਹੋਰ ਸੁਚਾਰੂ ਬਣਾਉਣ ਲਈ ਵੀ ਦਿਸ਼ਾ-ਨਿਰਦੇਸ਼ ਦਿੱਤੇ। ਦਾਬ ਨਾਲੇ ਉੱਪਰ ਬਣੀ ਸੜਕ ’ਤੇ ਮਜ਼ਬੂਤ ਲੋਹੇ ਦਾ ਜੰਗਲਾ ਲਗਾਉਣ ਅਤੇ ਦੋਵੇਂ ਪਾਸਿਆਂ ਸਲੈਬਾਂ ਪਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ। ਇਹ ਕੰਮ ਨਿਰਧਾਰਤ ਸਮੇਂ ਅੰਦਰ ਅਤੇ ਮਿਆਰੀ ਢੰਗ ਨਾਲ ਮੁਕੰਮਲ ਕਰਨ ਦੀ ਜ਼ਿੰਮੇਵਾਰੀ ਕਮਲਪ੍ਰੀਤ ਸਿੰਘ ਉਰਫ਼ ਰਾਜਾ ਨੂੰ ਸੌਂਪੀ ਗਈ ਹੈ।
ਇਸ ਤੋਂ ਇਲਾਵਾ ਵਨ-ਵੇ ਸੜਕ ਦੇ ਨੇੜੇ ਅਸਥਾਈ ਤੌਰ ’ਤੇ ਰੇਹੜੀਆਂ ਅਤੇ ਫੜੀਆਂ ਲਗਾ ਕੇ ਬੈਠੇ ਲੋਕਾਂ ਨੂੰ ਹਟਾਉਣ ਦੇ ਵੀ ਨਿਰਦੇਸ਼ ਦਿੱਤੇ ਗਏ ਹਨ, ਤਾਂ ਜੋ ਵਧ ਰਹੀ ਟਰੈਫਿਕ ਸਮੱਸਿਆ ਦਾ ਹੱਲ ਕੀਤਾ ਜਾ ਸਕੇ ਅਤੇ ਆਮ ਲੋਕਾਂ ਨੂੰ ਆਵਾਜਾਈ ਦੌਰਾਨ ਕਿਸੇ ਵੀ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।
ਨਗਰ ਕੌਂਸਲ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਸ਼ਹਿਰ ਵਿੱਚ ਸਫ਼ਾਈ, ਪਾਣੀ ਦੀ ਨਿਕਾਸੀ ਅਤੇ ਟਰੈਫਿਕ ਪ੍ਰਬੰਧ ਨੂੰ ਪਹਿਲ ਦੇ ਆਧਾਰ ’ਤੇ ਸੁਧਾਰਿਆ ਜਾ ਰਿਹਾ ਹੈ। ਮਾਨਸੂਨ ਦੌਰਾਨ ਜਲ ਭਰਾਅ ਅਤੇ ਟਰੈਫਿਕ ਜਾਮ ਵਰਗੀਆਂ ਸਮੱਸਿਆਵਾਂ ਤੋਂ ਲੋਕਾਂ ਨੂੰ ਰਾਹਤ ਦਿਵਾਉਣ ਲਈ ਵਿਕਾਸ ਕਾਰਜਾਂ ਨੂੰ ਤੇਜ਼ੀ ਨਾਲ ਅੱਗੇ ਵਧਾਇਆ ਜਾ ਰਿਹਾ ਹੈ। ਪ੍ਰਸ਼ਾਸਨ ਨੇ ਭਵਿੱਖ ਵਿੱਚ ਵੀ ਜਨਹਿੱਤ ਨਾਲ ਜੁੜੇ ਕੰਮਾਂ ਨੂੰ ਤਰਜੀਹ ਦੇਣ ਦਾ ਭਰੋਸਾ ਦਿੱਤਾ ਹੈ।


Post a Comment

© Qadian Times. All rights reserved. Distributed by ASThemesWorld