![]() |
| ਕਾਦੀਆਂ ਚ ਬਿਜਲੀ ਕਾਮਿਆਂ ਅਤੇ ਵੱਖ-ਵੱਖ ਜਥੇਬੰਦੀ ਅਰਥੀ ਫੂਕ ਰੋਸ ਪ੍ਰਦਰਸ਼ਨ ਕਰਦਿਆਂ। (ਜ਼ੀਸ਼ਾਨ) |
ਕਾਦੀਆਂ, 8 ਜੂਨ (ਜ਼ੀਸ਼ਾਨ): ਪੰਜਾਬ ਸਰਕਾਰ ਅਤੇ ਪਟਿਆਲਾ ਪੁਲਿਸ ਵੱਲੋਂ ਸੰਘਰਸ਼ ਕਰ ਰਹੇ ਅਪ੍ਰੈਂਟਿਸ ਲਾਈਨਮੈਨਾਂ 'ਤੇ ਕੀਤੇ ਗਏ ਕਥਿਤ ਲਾਠੀਚਾਰਜ ਦੇ ਵਿਰੋਧ ਵਿੱਚ ਅੱਜ ਕਾਦੀਆਂ ਚ ਬਿਜਲੀ ਕਾਮਿਆਂ ਅਤੇ ਵੱਖ-ਵੱਖ ਜਥੇਬੰਦੀਆਂ ਵੱਲੋਂ ਰੋਸ ਪ੍ਰਦਰਸ਼ਨ ਕਰਦਿਆਂ ਪੰਜਾਬ ਸਰਕਾਰ ਅਤੇ ਪਾਵਰਕੌਮ ਮੈਨੇਜਮੈਂਟ ਦੀ ਅਰਥੀ ਫੂਕੀ ਗਈ।
ਇਸ ਮੌਕੇ ਟੈਕਨੀਕਲ ਸਰਵਿਸਿਜ਼ ਯੂਨੀਅਨ ਦੇ ਪ੍ਰਧਾਨ ਜਗਤਾਰ ਸਿੰਘ ਖੁੰਡਾ, ਪੈਨਸ਼ਨਰਜ਼ ਐਸੋਸੀਏਸ਼ਨ ਦੇ ਪ੍ਰਧਾਨ ਗੁਰਮੇਜ ਸਿੰਘ, ਇੰਪਲਾਈਜ਼ ਫੈਡਰੇਸ਼ਨ ਏਟਕ ਦੇ ਆਗੂ ਦਲਜੀਤ ਸਿੰਘ ਸਿੱਧਵਾਂ, ਇੰਪਲਾਈਜ਼ ਫੈਡਰੇਸ਼ਨ ਚਾਹਲ ਦੇ ਆਗੂ ਬਲਜਿੰਦਰ ਸਿੰਘ ਬਾਜਵਾ ਅਤੇ ਐਮ.ਯੂ.ਓ. ਦੇ ਆਗੂ ਜਸਵੀਰ ਸਿੰਘ ਕੋਟ ਨੇ ਕਿਹਾ ਕਿ ਸਰਕਾਰ ਨੂੰ ਨੌਜਵਾਨਾਂ ਦੀਆਂ ਮੰਗਾਂ ਦਾ ਹੱਲ ਗੱਲਬਾਤ ਰਾਹੀਂ ਕਰਨਾ ਚਾਹੀਦਾ ਹੈ, ਨਾ ਕਿ ਜ਼ਬਰਦਸਤੀ ਨਾਲ ਉਨ੍ਹਾਂ ਦੀ ਆਵਾਜ਼ ਦਬਾਉਣੀ ਚਾਹੀਦੀ ਹੈ।
ਆਗੂਆਂ ਨੇ ਮੰਗ ਕੀਤੀ ਕਿ ਲਾਠੀਚਾਰਜ ਲਈ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਅਪ੍ਰੈਂਟਿਸ ਲਾਈਨਮੈਨਾਂ ਦੀਆਂ ਮੰਗਾਂ ਨੂੰ ਜਲਦ ਹੱਲ ਕੀਤਾ ਜਾਵੇ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਮਸਲੇ ਦਾ ਹੱਲ ਨਾ ਕੀਤਾ ਗਿਆ ਤਾਂ ਜਥੇਬੰਦੀਆਂ ਵੱਲੋਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।
ਇਸ ਮੌਕੇ ਕਸ਼ਮੀਰ ਸਿੰਘ, ਸੁਰਜੀਤ ਸਿੰਘ ਗੁਰਾਇਆ, ਗੁਰਮੇਜ ਸਿੰਘ, ਸੰਤੋਖ ਸਿੰਘ, ਯਾਦਵਿੰਦਰ ਸਿੰਘ, ਕੁਲਵਿੰਦਰ ਸਿੰਘ, ਬਲਬੀਰ ਸਿੰਘ ਅਤੇ ਬਲਵਿੰਦਰ ਸਿੰਘ ਵੀ ਹਾਜ਼ਰ ਸਨ।
