![]() |
| ਕਾਦੀਆਂ ਦੇ ਸੱਤਾਧਰ ਪਾਰਟੀ ਆਗੂ ਗੁਰ ਇਕਬਾਲ ਸਿੰਘ ਮਾਹਲ, ਵਿਰੋਧੀ ਧਿਰ ਦੇ ਆਗੂ ਅਤੇ ਕਾਦੀਆਂ ਵਿਧਾਇਕ ਪ੍ਰਤਾਪ ਸਿੰਘ ਬਾਜਵਾ। (ਜ਼ੀਸ਼ਾਨ) |
ਕਾਦੀਆਂ, 14 ਜੁਲਾਈ (ਜ਼ੀਸ਼ਾਨ): ਨਗਰ ਕੌਂਸਲ ਕਾਦੀਆਂ ਦੇ ਪ੍ਰਧਾਨ ਦੀ ਚੋਣ ਲਈ ਸੋਮਵਾਰ ਨੂੰ ਹੋਣ ਵਾਲੀ ਮੀਟਿੰਗ ਦੂਜੀ ਵਾਰ ਮੁਲਤਵੀ ਕਰ ਦਿੱਤੀ ਗਈ। ਲਗਾਤਾਰ ਦੂਜੀ ਵਾਰ ਚੋਣ ਟਲਣ ਨਾਲ ਕਾਦੀਆਂ ਦੀ ਸਿਆਸਤ ਵਿੱਚ ਹਲਚਲ ਤੇਜ਼ ਹੋ ਗਈ ਹੈ।
ਸੂਤਰਾਂ ਅਨੁਸਾਰ ਪ੍ਰਧਾਨ ਦੀ ਚੋਣ ਲਈ ਕਿਸੇ ਵੀ ਧਿਰ ਕੋਲ ਸਪੱਸ਼ਟ ਬਹੁਮਤ ਨਾ ਹੋਣ ਕਾਰਨ ਸਥਿਤੀ ਪੇਚੀਦਾ ਬਣੀ ਹੋਈ ਹੈ। ਨਗਰ ਕੌਂਸਲ ਦੀਆਂ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ 6, ਕਾਂਗਰਸ ਨੇ 4, ਆਮ ਆਦਮੀ ਪਾਰਟੀ ਨੇ 2 ਅਤੇ ਆਜ਼ਾਦ ਉਮੀਦਵਾਰਾਂ ਨੇ 2 ਸੀਟਾਂ ਜਿੱਤੀਆਂ ਸਨ, ਜਦਕਿ ਇੱਕ ਭਾਜਪਾ ਕੌਂਸਲਰ ਬਾਅਦ ਵਿੱਚ ਅਕਾਲੀ ਦਲ (ਬਾਦਲ) ਵਿੱਚ ਸ਼ਾਮਲ ਹੋ ਗਿਆ ਸੀ।
ਇਸ ਤੋਂ ਬਾਅਦ ਅਕਾਲੀ ਦਲ (ਬਾਦਲ) ਦੇ ਸਾਬਕਾ ਹਲਕਾ ਇੰਚਾਰਜ ਗੁਰਇਕਬਾਲ ਸਿੰਘ ਮਾਹਲ ਸੱਤਾਧਰ ਪਾਰਟੀ ਵਿੱਚ ਸ਼ਾਮਲ ਹੋ ਗਏ, ਜਿਸ ਨਾਲ ਕੌਂਸਲ ਦੀ ਸਿਆਸੀ ਸਮੀਕਰਨ ਵਿੱਚ ਵੱਡਾ ਬਦਲਾਅ ਆ ਗਿਆ। ਮੌਜੂਦਾ ਹਾਲਾਤਾਂ ਵਿੱਚ ਕਿਸੇ ਵੀ ਧਿਰ ਲਈ ਪ੍ਰਧਾਨਗੀ ਲਈ ਲੋੜੀਂਦਾ ਬਹੁਮਤ ਇਕੱਠਾ ਕਰਨਾ ਆਸਾਨ ਨਹੀਂ ਦਿਖਾਈ ਦੇ ਰਿਹਾ।
ਸਿਆਸੀ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਕਾਦੀਆਂ ਨਗਰ ਕੌਂਸਲ ਦੀ ਪ੍ਰਧਾਨਗੀ ਹੁਣ ਸਿਰਫ਼ ਸਥਾਨਕ ਚੋਣ ਨਹੀਂ ਰਹੀ, ਸਗੋਂ ਇਹ ਪੰਜਾਬ ਸਰਕਾਰ ਅਤੇ ਵਿਰੋਧੀ ਧਿਰ ਦੇ ਨੇਤਾ ਤੇ ਕਾਦੀਆਂ ਦੇ ਵਿਧਾਇਕ ਪ੍ਰਤਾਪ ਸਿੰਘ ਬਾਜਵਾ ਵਿਚਕਾਰ ਸਿਆਸੀ ਵੱਕਾਰ ਦਾ ਮੁੱਦਾ ਬਣ ਚੁੱਕੀ ਹੈ। ਪ੍ਰਧਾਨ ਦੀ ਚੋਣ ਦਾ ਨਤੀਜਾ 2027 ਦੀਆਂ ਵਿਧਾਨ ਸਭਾ ਚੋਣਾਂ ਦੀ ਸਿਆਸਤ 'ਤੇ ਵੀ ਅਸਰ ਪਾ ਸਕਦਾ ਹੈ।
