ਕਾਦੀਆਂ, 10 ਜੂਨ (ਜ਼ੀਸ਼ਾਨ): ਪਾਵਰਕਾਮ ਐਂਡ ਟਰਾਂਸਕੋ ਪੈਨਸ਼ਨਰਜ਼ ਯੂਨੀਅਨ ਪੰਜਾਬ (ਏਟਕ) ਦੀ ਇੱਕ ਮੀਟਿੰਗ ਬਾਵਾ ਸਿੰਘ ਦੀ ਅਗਵਾਈ ਹੇਠ ਆਯੋਜਿਤ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਪਰਮਜੀਤ ਸਿੰਘ ਸਕੱਤਰ ਅਤੇ ਹੋਰ ਬੁਲਾਰਿਆਂ ਨੇ ਦੋਸ਼ ਲਗਾਇਆ ਕਿ ਮੌਜੂਦਾ ਸਰਕਾਰ ਦੇ ਰਾਜ ਦੌਰਾਨ ਭ੍ਰਿਸ਼ਟਾਚਾਰ ਘਟਣ ਦੀ ਬਜਾਏ ਹੋਰ ਵਧਿਆ ਹੈ ਅਤੇ ਨਸ਼ਾਖੋਰੀ ਵੀ ਪਹਿਲਾਂ ਨਾਲੋਂ ਜ਼ਿਆਦਾ ਫੈਲ ਰਹੀ ਹੈ।
ਆਗੂਆਂ ਨੇ ਕਿਹਾ ਕਿ ਸਰਕਾਰੀ ਜ਼ਮੀਨਾਂ ਨੂੰ ਵੇਚਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਜਦਕਿ ਦਿਨ-ਦਿਹਾੜੇ ਲੁੱਟ-ਖੋਹ ਅਤੇ ਗੋਲੀਬਾਰੀ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਲੋਕਤੰਤਰ ਨੂੰ ਸਰਕਾਰ ਨੇ ਆਪਣੀ ਮੁੱਠੀ ਵਿੱਚ ਕੈਦ ਕਰ ਰੱਖਿਆ ਹੈ ਅਤੇ ਹੱਕਾਂ ਲਈ ਸੰਘਰਸ਼ ਕਰਨ ਵਾਲੀਆਂ ਜਥੇਬੰਦੀਆਂ ਦਾ ਸਵਾਗਤ ਗੰਦੇ ਪਾਣੀ ਦੀਆਂ ਬੁਛਾੜਾਂ ਅਤੇ ਲਾਠੀਚਾਰਜ ਨਾਲ ਕੀਤਾ ਜਾਂਦਾ ਹੈ।
ਮੀਟਿੰਗ ਦੌਰਾਨ ਪਟਿਆਲਾ ਵਿਖੇ ਪ੍ਰੋਟੈਸਟ ਕਰ ਰਹੇ ਲਾਈਨਮੈਨਾਂ ਨਾਲ ਕੀਤੇ ਗਏ ਕਥਿਤ ਵਿਵਹਾਰ ਦੀ ਨਿੰਦਾ ਕਰਦਿਆਂ ਇਸ ਨੂੰ ਬੇਹੱਦ ਮੰਦਭਾਗਾ ਕਰਾਰ ਦਿੱਤਾ ਗਿਆ। ਬੁਲਾਰਿਆਂ ਨੇ ਕਿਹਾ ਕਿ ਸਰਕਾਰ ਕਰਮਚਾਰੀਆਂ ਅਤੇ ਪੈਨਸ਼ਨਰਾਂ ਦੀਆਂ ਜਾਇਜ਼ ਮੰਗਾਂ ਵੱਲ ਧਿਆਨ ਨਹੀਂ ਦੇ ਰਹੀ। ਉਨ੍ਹਾਂ 18 ਫੀਸਦੀ ਡੀ.ਏ., 2.59 ਫਿਟਮੈਂਟ ਫੈਕਟਰ, ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ, 23 ਸਾਲਾ ਸਹੇਲੀ ਸਕੀਮ ਤਹਿਤ 200 ਰੁਪਏ ਦੀ ਕਟੌਤੀ ਅਤੇ ਕੈਸ਼ਲੈੱਸ ਮੈਡੀਕਲ ਸਕੀਮ ਵਰਗੇ ਮੁੱਦਿਆਂ 'ਤੇ ਵਿਚਾਰ ਪੇਸ਼ ਕੀਤੇ।
ਇਸ ਮੌਕੇ ਵਿਸ਼ੇਸ਼ ਤੌਰ 'ਤੇ ਕਾਮਰੇਡ ਗੁਲਜ਼ਾਰ ਸਿੰਘ, ਸੀ.ਪੀ.ਆਈ. ਦੇ ਪ੍ਰਧਾਨ ਹੀਰਾ ਲਾਲ ਵੜੈਚ, ਜਸਵੰਤ ਸਿੰਘ, ਹਜ਼ਾਰਾ ਸਿੰਘ, ਦਵਿੰਦਰ ਸਿੰਘ ਸੈਣੀ, ਜਰਨੈਲ ਸਿੰਘ ਸੰਧੂ, ਸਤਨਾਮ ਸਿੰਘ ਖਾਰਾ, ਰਵੇਲ ਸਿੰਘ, ਸੁਰਜੀਤ ਸਿੰਘ ਰਿਆੜ, ਜਨਕ ਸਿੰਘ ਅਤੇ ਸੋਹਨ ਲਾਲ ਸਮੇਤ ਹੋਰ ਆਗੂ ਹਾਜ਼ਰ ਸਨ।
