ਨੌਜਵਾਨਾਂ ਅਤੇ ਖਿਡਾਰੀਆਂ ਵਿੱਚ ਨਸ਼ਾ ਮੁਕਤ ਭਾਰਤ ਅਭਿਆਨ ਨੂੰ ਪ੍ਰਭਾਵਸ਼ਾਲੀ ਬਣਾਉਣ 'ਤੇ ਦਿੱਤਾ ਜ਼ੋਰ

Uploaded Image
ਜ਼ਿਲ੍ਹਾ ਨੋਡਲ ਅਫ਼ਸਰ, ਨਸ਼ਾ ਮੁਕਤ ਭਾਰਤ ਅਭਿਆਨ, ਮੁਕੇਸ਼ ਵਰਮਾ ਕਾਦੀਆਂ ਸਟੇਡੀਅਮ ਵਿਖੇ ਖਿਡਾਰੀਆਂ ਨੂੰ ਜਾਗਰੂਕ ਕਰਦੇ ਹੋਏ। (ਜ਼ੀਸ਼ਾਨ)

ਕਾਦੀਆਂ, 20 ਜੂਨ (ਜ਼ੀਸ਼ਾਨ): ਪੰਜਾਬ ਸਰਕਾਰ ਦੀ ਸਿੱਖਿਆ ਸਕੱਤਰ ਸੋਨਾਲੀ ਗਿਰੀ ਦੇ ਨਿਰਦੇਸ਼ਾਂ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਗੁਰਦਾਸਪੁਰ ਰਾਜੇਸ਼ ਕੁਮਾਰ ਸ਼ਰਮਾ ਦੀ ਅਗਵਾਈ ਹੇਠ ਜ਼ਿਲ੍ਹੇ ਦੇ ਨੌਜਵਾਨਾਂ ਅਤੇ ਖਿਡਾਰੀਆਂ ਵਿੱਚ ਨਸ਼ਾ ਮੁਕਤ ਭਾਰਤ ਅਭਿਆਨ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ।
ਜ਼ਿਲ੍ਹਾ ਸਿੱਖਿਆ ਅਫ਼ਸਰ ਰਾਜੇਸ਼ ਕੁਮਾਰ ਸ਼ਰਮਾ ਨੇ ਕਿਹਾ ਕਿ ਨੌਜਵਾਨਾਂ ਅਤੇ ਖਿਡਾਰੀਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਪ੍ਰਤੀ ਜਾਗਰੂਕ ਕਰਨਾ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਸਬੰਧਤ ਅਧਿਕਾਰੀਆਂ, ਕੋਚਾਂ ਅਤੇ ਟ੍ਰੇਨਰਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਜਾਗਰੂਕਤਾ ਗਤੀਵਿਧੀਆਂ ਰਾਹੀਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਨ।
ਜ਼ਿਲ੍ਹਾ ਨੋਡਲ ਅਫ਼ਸਰ, ਨਸ਼ਾ ਮੁਕਤ ਭਾਰਤ ਅਭਿਆਨ, ਮੁਕੇਸ਼ ਵਰਮਾ ਨੇ ਦੱਸਿਆ ਕਿ ਖੇਡ ਕਲੱਬਾਂ, ਅਕੈਡਮੀਆਂ ਅਤੇ ਯੁਵਾ ਸੰਸਥਾਵਾਂ ਵਿੱਚ ਜਾਗਰੂਕਤਾ ਫ਼ਿਲਮਾਂ ਦੇ ਪ੍ਰਦਰਸ਼ਨ, ਵੈਬੀਨਾਰ, ਸਾਈਕਲ ਅਤੇ ਬਾਈਕ ਰੈਲੀਆਂ, ਜਾਗਰੂਕਤਾ ਯਾਤਰਾਵਾਂ, ਮਨੁੱਖੀ ਲੜੀਆਂ, ਸੱਭਿਆਚਾਰਕ ਪ੍ਰੋਗਰਾਮਾਂ, ਲੋਕ ਗੀਤਾਂ, ਕਠਪੁਤਲੀ ਸ਼ੋਅ ਅਤੇ ਦਸਤਖ਼ਤ ਮੁਹਿੰਮਾਂ ਰਾਹੀਂ ਨਸ਼ਿਆਂ ਵਿਰੁੱਧ ਸੰਦੇਸ਼ ਪਹੁੰਚਾਇਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਨਸ਼ਾ ਮੁਕਤ ਭਾਰਤ ਅਭਿਆਨ ਸਿਰਫ਼ ਸਰਕਾਰੀ ਪ੍ਰੋਗਰਾਮ ਨਹੀਂ, ਸਗੋਂ ਲੋਕਾਂ ਦੀ ਭਾਗੀਦਾਰੀ ਨਾਲ ਸਫਲ ਹੋਣ ਵਾਲਾ ਸਮਾਜਿਕ ਅੰਦੋਲਨ ਹੈ। ਉਨ੍ਹਾਂ ਨੌਜਵਾਨਾਂ ਅਤੇ ਖਿਡਾਰੀਆਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ, ਸਿੱਖਿਆ ਅਤੇ ਰਚਨਾਤਮਕ ਗਤੀਵਿਧੀਆਂ ਨੂੰ ਅਪਣਾਉਣ ਦੀ ਅਪੀਲ ਕੀਤੀ।
ਮੁਕੇਸ਼ ਵਰਮਾ ਨੇ ਕਿਹਾ ਕਿ ਵਿਭਾਗ ਨੌਜਵਾਨਾਂ ਵਿੱਚ ਸਕਾਰਾਤਮਕ ਸੋਚ, ਨੈਤਿਕ ਕਦਰਾਂ-ਕੀਮਤਾਂ ਅਤੇ ਸਿਹਤਮੰਦ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਨ ਲਈ ਲਗਾਤਾਰ ਯਤਨ ਕਰ ਰਿਹਾ ਹੈ ਤਾਂ ਜੋ ਪੰਜਾਬ ਨੂੰ ਨਸ਼ਾ ਮੁਕਤ ਅਤੇ ਯੁਵਾ ਸ਼ਕਤੀ ਨਾਲ ਸੰਪੰਨ ਸੂਬਾ ਬਣਾਇਆ ਜਾ ਸਕੇ।

Post a Comment

© Qadian Times. All rights reserved. Distributed by ASThemesWorld