ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵੱਲੋਂ ਊਧਨਵਾਲ ਪਾਵਰਕਾਮ ਦਫ਼ਤਰ ਅੱਗੇ ਧਰਨਾ, ਮੁੱਖ ਮੰਤਰੀ ਦੇ ਨਾਮ ਸੌਂਪਿਆ ਮੰਗ ਪੱਤਰ

Uploaded Image
ਬਿਜਲੀ ਵਿਭਾਗ ਦੇ ਅਧਿਕਾਰੀਆਂ ਨੂੰ ਮੰਗ ਪੱਤਰ ਸੌਂਪਦੇ ਹੋਏ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਆਗੂ। (ਜ਼ੀਸ਼ਾਨ)

ਕਾਦੀਆਂ, 30 ਜੂਨ (ਜ਼ੀਸ਼ਾਨ): ਕਿਸਾਨ ਮਜ਼ਦੂਰ ਮੋਰਚਾ ਪੰਜਾਬ ਚੈਪਟਰ ਦੇ ਸੱਦੇ 'ਤੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਪੰਜਾਬ, ਬਲਾਕ ਕਾਦੀਆਂ ਅਤੇ ਸ੍ਰੀ ਹਰਿਗੋਬਿੰਦਪੁਰ ਸਾਹਿਬ ਵੱਲੋਂ ਊਧਨਵਾਲ ਸਥਿਤ ਐਸ.ਡੀ.ਓ. ਪਾਵਰਕਾਮ ਦਫ਼ਤਰ ਦੇ ਬਾਹਰ ਧਰਨਾ ਦਿੱਤਾ ਗਿਆ। ਇਸ ਦੌਰਾਨ ਮੁੱਖ ਮੰਤਰੀ ਦੇ ਨਾਮ ਮੰਗ ਪੱਤਰ ਵੀ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੂੰ ਸੌਂਪਿਆ ਗਿਆ।
ਧਰਨੇ ਦੀ ਅਗਵਾਈ ਜ਼ਿਲ੍ਹਾ ਕਮੇਟੀ ਮੈਂਬਰ ਮਾਸਟਰ ਜਗੀਰ ਸਿੰਘ ਅਤੇਪੁਰ ਅਤੇ ਬਲਾਕ ਸਕੱਤਰ ਕੁਲਦੀਪ ਸਿੰਘ ਸੈਰੋਵਾਲ ਨੇ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਭਾਰੀ ਗਰਮੀ ਅਤੇ ਬਿਜਲੀ ਦੀ ਘਾਟ ਕਾਰਨ ਝੋਨੇ ਦੀ ਫ਼ਸਲ ਸੁੱਕਣ ਦੇ ਕਿਨਾਰੇ ਹੈ, ਜਦਕਿ ਆਮ ਲੋਕ ਵੀ ਲੰਬੇ ਬਿਜਲੀ ਕੱਟਾਂ ਕਾਰਨ ਪ੍ਰੇਸ਼ਾਨ ਹਨ। ਉਨ੍ਹਾਂ ਦੋਸ਼ ਲਾਇਆ ਕਿ ਮੁੱਖ ਮੰਤਰੀ ਸਿਰਫ਼ ਸਟੇਜੀ ਸ਼ੋਅ ਅਤੇ ਚੁਟਕਲੇਬਾਜ਼ੀ ਕਰਕੇ ਝੂਠੇ ਦਾਅਵੇ ਕਰ ਰਹੇ ਹਨ, ਜਦਕਿ ਸਰਕਾਰ ਖੇਤੀ ਲਈ ਨਿਰਵਿਘਨ ਬਿਜਲੀ ਸਪਲਾਈ ਦੇਣ ਦੇ ਆਪਣੇ ਵਾਅਦੇ ਨੂੰ ਪੂਰਾ ਕਰਨ ਵਿੱਚ ਪੂਰੀ ਤਰ੍ਹਾਂ ਨਾਕਾਮ ਰਹੀ ਹੈ।
ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਖੇਤੀਬਾੜੀ ਲਈ ਰੋਜ਼ਾਨਾ 16 ਘੰਟੇ ਅਤੇ ਘਰੇਲੂ ਖਪਤਕਾਰਾਂ ਲਈ 24 ਘੰਟੇ ਬਿਜਲੀ ਸਪਲਾਈ ਯਕੀਨੀ ਬਣਾਈ ਜਾਵੇ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਜਲਦੀ ਹੀ ਬਿਜਲੀ ਸਪਲਾਈ ਵਿੱਚ ਸੁਧਾਰ ਨਾ ਕੀਤਾ ਗਿਆ ਅਤੇ ਕਿਸਾਨਾਂ ਤੇ ਆਮ ਲੋਕਾਂ ਦੀਆਂ ਮੰਗਾਂ ਨੂੰ ਪੂਰਾ ਨਾ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਬਿਜਲੀ ਵਿਭਾਗ ਅਤੇ ਸਰਕਾਰ ਖ਼ਿਲਾਫ਼ ਵੱਡੇ ਪੱਧਰ 'ਤੇ ਸੰਘਰਸ਼ ਕੀਤਾ ਜਾਵੇਗਾ।
ਇਸ ਮੌਕੇ ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਸਬੰਧੀ ਮੰਗ ਪੱਤਰ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੂੰ ਸੌਂਪਿਆ ਗਿਆ। ਅਧਿਕਾਰੀਆਂ ਨੇ ਭਰੋਸਾ ਦਿਵਾਇਆ ਕਿ ਕਿਸਾਨਾਂ ਦੀਆਂ ਮੰਗਾਂ ਜਲਦ ਹੀ ਉੱਚ ਅਧਿਕਾਰੀਆਂ ਤੱਕ ਪਹੁੰਚਾ ਕੇ ਉਨ੍ਹਾਂ ਦੇ ਹੱਲ ਲਈ ਯਤਨ ਕੀਤੇ ਜਾਣਗੇ।
ਧਰਨੇ ਵਿੱਚ ਸਰਦੂਲ ਸਿੰਘ ਚੀਮਾ ਖੁੱਡੀ, ਮਹਿੰਦਰ ਸਿੰਘ ਚੀਮਾ ਖੁੱਡੀ, ਕੁਲਵਿੰਦਰ ਸਿੰਘ ਬਸਰਾਵਾਂ, ਸਤਨਾਮ ਸਿੰਘ ਨੰਗਲ ਝੌਰ, ਜਗਤਾਰ ਸਿੰਘ ਨੰਗਲ ਝੌਰ, ਤਰਸੇਮ ਸਿੰਘ ਚੀਮਾ ਖੁੱਡੀ, ਅਮਰਜੀਤ ਸਿੰਘ ਅਟੇਪੁਰ, ਸੁਖਦੇਵ ਸਿੰਘ ਭਗਤੂਪੁਰਾ, ਮਲਕੀਤ ਸਿੰਘ ਭਗਤੂਪੁਰਾ, ਬਲਦੇਵ ਸਿੰਘ ਨੰਗਲ ਝੌਰ ਅਤੇ ਚੈਂਚਲ ਸਿੰਘ ਚੀਮਾ ਖੁੱਡੀ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਮੌਜੂਦ ਰਹੇ।

Post a Comment

© Qadian Times. All rights reserved. Distributed by ASThemesWorld