![]() |
| ਸ਼੍ਰੋਮਣੀ ਅਕਾਲੀ ਦਲ ਦੇ ਕਾਦੀਆਂ ਹਲਕਾ ਇੰਚਾਰਜ ਗੁਰਇਕਬਾਲ ਸਿੰਘ ਮਾਹਲ, ਕਾਂਗਰਸ ਆਗੂ ਕਾਦੀਆਂ ਵਿਧਾਇਕ ਪ੍ਰਤਾਪ ਸਿੰਘ ਬਾਜਵਾ। (ਜ਼ੀਸ਼ਾਨ) |
ਕਾਦੀਆਂ, 14 ਜੂਨ (ਜ਼ੀਸ਼ਾਨ): ਨਗਰ ਕੌਂਸਲ ਕਾਦੀਆਂ ਦੀਆਂ ਚੋਣਾਂ ਦੇ ਨਤੀਜੇ ਸਾਹਮਣੇ ਆਉਣ ਤੋਂ ਬਾਅਦ ਸੱਤਾ ਦੇ ਗਠਨ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਇਸ ਦਰਮਿਆਨ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਖੇਮੇ ਵੱਲੋਂ ਨਗਰ ਕੌਂਸਲ 'ਤੇ ਆਪਣਾ ਦਾਅਵਾ ਹੋਰ ਮਜ਼ਬੂਤ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ।
ਚੋਣ ਨਤੀਜਿਆਂ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦੇ 6 ਉਮੀਦਵਾਰ ਜੇਤੂ ਰਹੇ ਸਨ, ਜਦਕਿ ਭਾਜਪਾ ਦੇ ਟਿਕਟ 'ਤੇ ਵਾਰਡ ਨੰਬਰ 13 ਤੋਂ ਜਿੱਤੇ ਰਾਜ ਕੁਮਾਰ ਦੇ ਵੀ ਅਕਾਲੀ ਦਲ ਬਾਦਲ ਵਿੱਚ ਸ਼ਾਮਲ ਹੋਣ ਦੀਆਂ ਖਬਰਾਂ ਸਾਹਮਣੇ ਆਈਆਂ ਹਨ। ਇਸ ਨਾਲ ਅਕਾਲੀ ਦਲ ਸਮਰਥਕ ਕੌਂਸਲਰਾਂ ਦੀ ਗਿਣਤੀ 7 ਤੱਕ ਪਹੁੰਚ ਗਈ ਦੱਸੀ ਜਾ ਰਹੀ ਹੈ।
ਇਸ ਤੋਂ ਇਲਾਵਾ ਦੋਵੇਂ ਆਜ਼ਾਦ ਕੌਂਸਲਰਾਂ ਨੂੰ ਵੀ ਅਕਾਲੀ ਦਲ ਦੇ ਨਜ਼ਦੀਕੀ ਮੰਨਿਆ ਜਾ ਰਿਹਾ ਹੈ। ਅਕਾਲੀ ਖੇਮੇ ਦੇ ਆਗੂਆਂ ਦਾ ਦਾਅਵਾ ਹੈ ਕਿ ਆਜ਼ਾਦ ਉਮੀਦਵਾਰ ਜੋਗਿੰਦਰ ਪਾਲ ਨੰਦੂ ਅਤੇ ਦੂਜੇ ਆਜ਼ਾਦ ਕੌਂਸਲਰ ਦਾ ਸਮਰਥਨ ਵੀ ਉਨ੍ਹਾਂ ਨੂੰ ਪ੍ਰਾਪਤ ਹੈ। ਜੇਕਰ ਇਹ ਦਾਅਵੇ ਸਹੀ ਸਾਬਤ ਹੁੰਦੇ ਹਨ ਤਾਂ ਨਗਰ ਕੌਂਸਲ ਦੇ 15 ਵਿੱਚੋਂ 9 ਕੌਂਸਲਰ ਅਕਾਲੀ ਦਲ ਦੇ ਸਮਰਥਨ ਵਿੱਚ ਖੜ੍ਹੇ ਨਜ਼ਰ ਆਉਂਦੇ ਹਨ।
ਅਕਾਲੀ ਦਲ ਦੇ ਆਗੂਆਂ ਦਾ ਕਹਿਣਾ ਹੈ ਕਿ ਇਸ ਅੰਕੜੇ ਨਾਲ ਨਗਰ ਕੌਂਸਲ ਵਿੱਚ ਪ੍ਰਧਾਨ ਅਤੇ ਉਪ ਪ੍ਰਧਾਨ ਦੀ ਚੋਣ ਦੌਰਾਨ ਉਨ੍ਹਾਂ ਦੀ ਸਥਿਤੀ ਕਾਫੀ ਮਜ਼ਬੂਤ ਹੋ ਜਾਂਦੀ ਹੈ ਅਤੇ ਕਮੇਟੀ ਦੇ ਗਠਨ ਵਿੱਚ ਉਨ੍ਹਾਂ ਨੂੰ ਕਿਸੇ ਵੱਡੀ ਰੁਕਾਵਟ ਦਾ ਸਾਹਮਣਾ ਨਹੀਂ ਕਰਨਾ ਪਵੇਗਾ।
ਦੂਜੇ ਪਾਸੇ ਕਾਂਗਰਸ ਵੀ ਸਰਗਰਮ ਹੈ ਅਤੇ ਆਪਣੇ ਜੇਤੂ ਕੌਂਸਲਰਾਂ ਅਤੇ ਸੰਭਾਵਿਤ ਸਹਿਯੋਗੀਆਂ ਨਾਲ ਲਗਾਤਾਰ ਸੰਪਰਕ ਵਿੱਚ ਹੈ। ਸਿਆਸੀ ਹਲਕਿਆਂ ਵਿੱਚ ਚਰਚਾ ਹੈ ਕਿ ਕਾਂਗਰਸ ਵੱਲੋਂ ਵੀ ਆਪਣੇ ਪੱਖ ਵਿੱਚ ਬਹੁਮਤ ਇਕੱਠਾ ਕਰਨ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਦੇ ਦੋ ਜੇਤੂ ਕੌਂਸਲਰਾਂ ਦੀ ਭੂਮਿਕਾ ਵੀ ਅਹਿਮ ਮੰਨੀ ਜਾ ਰਹੀ ਹੈ।
ਫਿਲਹਾਲ ਨਗਰ ਕੌਂਸਲ ਕਾਦੀਆਂ ਦੀ ਸਿਆਸਤ ਵਿੱਚ ਜੋੜ-ਤੋੜ ਦਾ ਦੌਰ ਜਾਰੀ ਹੈ, ਪਰ ਅਕਾਲੀ ਦਲ ਦੇ ਖੇਮੇ ਵੱਲੋਂ 15 ਵਿੱਚੋਂ 9 ਕੌਂਸਲਰਾਂ ਦਾ ਸਮਰਥਨ ਹੋਣ ਦਾ ਦਾਅਵਾ ਕਰਦਿਆਂ ਨਗਰ ਕੌਂਸਲ 'ਤੇ ਆਪਣਾ ਕਬਜ਼ਾ ਬਣਨ ਦੀ ਗੱਲ ਕਹੀ ਜਾ ਰਹੀ ਹੈ। ਹਾਲਾਂਕਿ ਅੰਤਿਮ ਤਸਵੀਰ ਪ੍ਰਧਾਨ ਅਤੇ ਉਪ ਪ੍ਰਧਾਨ ਦੀ ਚੋਣ ਸਮੇਂ ਹੀ ਸਪੱਸ਼ਟ ਹੋਵੇਗੀ।
