ਵਾਲਮੀਕੀ ਮਜਬੀ ਸਿੱਖ ਮੋਰਚਾ ਵੱਲੋਂ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਪ੍ਰਦਰਸ਼ਨ ਦਾ ਐਲਾਨ, 28 ਮਈ ਨੂੰ ਧਰਨਾ

Uploaded Image
ਜਾਣਕਾਰੀ ਦਿੰਦਿਆਂ ਵਾਲਮੀਕੀ ਮਜਬੀ ਸਿੱਖ ਮੋਰਚਾ ਦੇ ਆਗੂ ਰਣਜੀਤ ਸਿੰਘ ਦਕੋਹਾ ਅਤੇ ਉਨ੍ਹਾਂ ਦੇ ਸਾਥੀ। (ਜ਼ੀਸ਼ਾਨ)

ਕਾਦੀਆਂ, 24 ਮਈ (ਜ਼ੀਸ਼ਾਨ)- ਵਾਲਮੀਕੀ ਮਜਬੀ ਸਿੱਖ ਮੋਰਚਾ ਵੱਲੋਂ ਪੁਲਿਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਖ਼ਿਲਾਫ਼ 28 ਮਈ ਨੂੰ ਐਸ.ਐਸ.ਪੀ. ਦਫ਼ਤਰ ਦਿਹਾਤੀ ਅੰਮ੍ਰਿਤਸਰ ਅੱਗੇ ਅਣਮਿੱਥੇ ਸਮੇਂ ਲਈ ਧਰਨਾ ਦੇਣ ਦਾ ਐਲਾਨ ਕੀਤਾ ਗਿਆ ਹੈ। ਇਹ ਫੈਸਲਾ ਪਿੰਡ ਦਕੋਹਾ ਵਿੱਚ ਹੋਈ ਇਕ ਵਿਸ਼ੇਸ਼ ਮੀਟਿੰਗ ਦੌਰਾਨ ਕੀਤਾ ਗਿਆ, ਜਿਸ ਦੀ ਅਗਵਾਈ ਜ਼ਿਲਾ ਗੁਰਦਾਸਪੁਰ ਯੂਥ ਪ੍ਰਧਾਨ ਰਣਜੀਤ ਸਿੰਘ ਦਕੋਹਾ ਨੇ ਕੀਤੀ।
ਇਸ ਮੌਕੇ ਰਣਜੀਤ ਸਿੰਘ ਦਕੋਹਾ ਨੇ ਦੱਸਿਆ ਕਿ ਮੀਟਿੰਗ ਵਿੱਚ ਥਾਣਾ ਤਰਸਿਕਾ ਅਤੇ ਥਾਣਾ ਖਲਚੀਆਂ ਅਧੀਨ ਲੰਬਿਤ ਮਾਮਲਿਆਂ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਪਿੰਡ ਤਰਸਿਕਾ ਵਿੱਚ ਸਤਨਾਮ ਸਿੰਘ ਨੂੰ ਕਾਰ ਵੱਲੋਂ ਟੱਕਰ ਮਾਰ ਕੇ ਗੰਭੀਰ ਰੂਪ ਵਿੱਚ ਜ਼ਖ਼ਮੀ ਕੀਤਾ ਗਿਆ, ਜਿਸ ਕਾਰਨ ਉਸ ਦੀ ਲੱਤ ਕੱਟਣੀ ਪਈ, ਪਰ ਕਈ ਦਿਨ ਬੀਤਣ ਬਾਵਜੂਦ ਪੁਲਿਸ ਵੱਲੋਂ ਕੋਈ ਢੁਕਵੀਂ ਕਾਰਵਾਈ ਨਹੀਂ ਕੀਤੀ ਗਈ।
ਇਸੇ ਤਰ੍ਹਾਂ ਪਿੰਡ ਤਿਮੋਵਾਲ ਦੇ ਰਾਜਵਿੰਦਰ ਸਿੰਘ ਦੇ ਮਾਮਲੇ ਵਿੱਚ ਵੀ, ਜਿੱਥੇ ਇੱਕ ਨਸ਼ੇ ਵਿੱਚ ਧੁੱਤ ਵਿਅਕਤੀ ਨੇ ਮੋਟਰਸਾਈਕਲ ਨਾਲ ਟੱਕਰ ਮਾਰ ਕੇ ਉਸ ਦੀ ਲੱਤ ਤੋੜ ਦਿੱਤੀ, ਪੁਲਿਸ ਵੱਲੋਂ ਕਾਰਵਾਈ ਨਾ ਹੋਣ ’ਤੇ ਨਾਰਾਜ਼ਗੀ ਜਤਾਈ ਗਈ। ਉਨ੍ਹਾਂ ਦੋਸ਼ ਲਾਇਆ ਕਿ ਪੀੜਤ ਪਰਿਵਾਰਾਂ ਨੂੰ ਇਨਸਾਫ਼ ਦੇਣ ਦੀ ਬਜਾਏ ਉਨ੍ਹਾਂ ਨੂੰ ਖੱਜਲ-ਖੁਆਰ ਕੀਤਾ ਜਾ ਰਿਹਾ ਹੈ।
ਮੋਰਚਾ ਦੇ ਪੰਜਾਬ ਪ੍ਰਧਾਨ ਮਹਿੰਦਰ ਸਿੰਘ ਹਮੀਰਾ ਅਤੇ ਆਲ ਇੰਡੀਆ ਯੋਧਾ ਸੰਘਰਸ਼ ਦਲ ਦੇ ਕੌਮੀ ਪ੍ਰਧਾਨ ਸੁਖਵੰਤ ਸਿੰਘ ਭੋਮਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਜਥੇਬੰਦੀਆਂ ਨੇ ਫੈਸਲਾ ਕੀਤਾ ਕਿ 28 ਮਈ ਨੂੰ ਐਸ.ਐਸ.ਪੀ. ਦਫ਼ਤਰ ਦਿਹਾਤੀ ਅੰਮ੍ਰਿਤਸਰ ਅੱਗੇ ਅਣਮਿੱਥੇ ਸਮੇਂ ਲਈ ਧਰਨਾ ਦਿੱਤਾ ਜਾਵੇਗਾ।
ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਮੰਗਾਂ ’ਤੇ ਕਾਰਵਾਈ ਨਾ ਹੋਈ ਤਾਂ ਧਰਨਾ ਜਾਰੀ ਰਹੇਗਾ ਅਤੇ ਇਸ ਦੀ ਪੂਰੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ।

Post a Comment

© Qadian Times. All rights reserved. Distributed by ASThemesWorld