ਸਫ਼ਾਈ ਸੇਵਕ ਯੂਨੀਅਨ ਪੰਜਾਬ ਵੱਲੋਂ ਸੂਬੇ ਭਰ ਵਿੱਚ 6 ਮਈ ਤੋਂ ਕੰਮ ਛੋੜ ਹੜਤਾਲ

Uploaded Image
ਰਹਿਮਤ ਮਸੀਹ ਸਫ਼ਾਈ ਸੇਵਕਾਂ ਦੇ ਨਾਲ ਨਗਰ ਕੌਂਸਲ ਅਧਿਕਾਰੀ ਕੰਵਲਪ੍ਰੀਤ ਸਿੰਘ ਨੂੰ ਮੰਗ ਪੱਤਰ ਸੌਂਪਦਿਆਂ (ਜ਼ੀਸ਼ਾਨ)

ਕਾਦੀਆਂ, 4 ਮਈ (ਜ਼ੀਸ਼ਾਨ) – ਸਫ਼ਾਈ ਸੇਵਕ ਯੂਨੀਅਨ ਪੰਜਾਬ ਵੱਲੋਂ 6 ਮਈ ਤੋਂ ਅਣਮਿਥੇ ਸਮੇਂ ਲਈ ਕੰਮ ਛੋੜ ਹੜਤਾਲ ਕੀਤੀ ਜਾਵੇਗੀ। ਇਸ ਸਬੰਧ ਵਿੱਚ ਜਾਣਕਾਰੀ ਦਿੰਦਿਆਂ ਸਫ਼ਾਈ ਸੇਵਕ ਯੂਨੀਅਨ ਕਾਦੀਆਂ ਦੇ ਪ੍ਰਧਾਨ ਰਹਿਮਤ ਮਸੀਹ ਨੇ ਦੱਸਿਆ ਕਿ ਸਫ਼ਾਈ ਸੇਵਕ 6 ਮਈ ਤੋਂ ਕੰਮ 'ਤੇ ਨਹੀਂ ਆਉਣਗੇ। ਉਨ੍ਹਾਂ ਦੱਸਿਆ ਕਿ ਸਰਕਾਰ ਉਨ੍ਹਾਂ ਦੀਆਂ ਮੰਗਾਂ ਨੂੰ ਮਨਜ਼ੂਰ ਕਰਨ ਲਈ ਗੰਭੀਰ ਨਹੀਂ ਹੈ। ਸਫ਼ਾਈ ਕਰਮਚਾਰੀਆਂ ਦਾ ਕਹਿਣਾ ਹੈ ਕਿ ਠੇਕਾ ਪ੍ਰਣਾਲੀ ਨੂੰ ਖਤਮ ਕਰਕੇ ਆਊਟਸੋਰਸ ਰਾਹੀਂ ਕੰਮ ਕਰ ਰਹੇ ਮਾਲੀ, ਬੇਲਦਾਰ, ਸੇਵਾਦਾਰ, ਇਲੈਕਟ੍ਰਿਸ਼ਨ, ਪੰਪ ਓਪਰੇਟਰ, ਕੰਪਿਊਟਰ ਓਪਰੇਟਰ, ਕਲਰਕ, ਡਰਾਈਵਰ, ਸਫ਼ਾਈ ਸੇਵਕ, ਸੀਵਰਮੈਨ ਆਦਿ ਅਤੇ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੂੰ ਰੈਗੂਲਰ ਪੋਸਟਾਂ 'ਤੇ ਵਿਭਾਗ ਅਧੀਨ ਕੀਤਾ ਜਾਵੇ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਪੰਜਾਬ ਸਰਕਾਰ ਵੱਲੋਂ 2023 ਵਿੱਚ ਬਣਾਈ ਗਈ 10 ਸਾਲਾ ਪਾਲਿਸੀ ਨੂੰ ਰੱਦ ਕਰਕੇ ਮਿਊਂਸਪਲ ਮੁਲਾਜ਼ਮਾਂ ਨੂੰ 3 ਸਾਲਾਂ ਦਾ ਕਾਰਜਕਾਲ ਪੂਰਾ ਹੋਣ 'ਤੇ ਸਮੂਹ ਸਹੂਲਤਾਂ ਸਮੇਤ ਪੱਕਾ ਕੀਤਾ ਜਾਵੇ। 23-06-2021 ਨੂੰ ਜਾਰੀ ਨੋਟੀਫਿਕੇਸ਼ਨ ਦੇ ਆਧਾਰ 'ਤੇ ਪੈਂਡਿੰਗ ਰਹਿੰਦੇ ਸਮੂਹ ਆਊਟਸੋਰਸ ਸਫ਼ਾਈ ਸੇਵਕਾਂ ਅਤੇ ਸੀਵਰਮੈਨਾਂ ਨੂੰ ਬਿਨਾਂ ਕਿਸੇ ਸ਼ਰਤ ਦੇ ਵਿਭਾਗ ਅਧੀਨ ਕੀਤਾ ਜਾਵੇ। ਇਸ ਤੋਂ ਇਲਾਵਾ, ਆਊਟਸੋਰਸ ਅਤੇ ਕਾਂਟ੍ਰੈਕਟ ਅਧਾਰ 'ਤੇ ਕੰਮ ਕਰ ਰਹੇ ਮਿਊਂਸਪਲ ਮੁਲਾਜ਼ਮਾਂ ਦੀ ਤਨਖ਼ਾਹ ਵਿੱਚ “ਬਰਾਬਰ ਕੰਮ, ਬਰਾਬਰ ਤਨਖ਼ਾਹ” ਦੇ ਅਸੂਲ ਅਨੁਸਾਰ ਵਾਧਾ ਕੀਤਾ ਜਾਵੇ ਅਤੇ ਯੂ.ਪੀ.ਐਸ. ਰੱਦ ਕਰਕੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ। ਰਹਿਮਤ ਮਸੀਹ ਨੇ ਦੱਸਿਆ ਕਿ ਹੋਰ ਵੀ ਕਈ ਮੰਗਾਂ ਹਨ, ਜਿਨ੍ਹਾਂ ਨੂੰ ਲੈ ਕੇ 6 ਮਈ ਤੋਂ ਅਣਮਿਥੇ ਸਮੇਂ ਲਈ ਸਫ਼ਾਈ ਸੇਵਕ ਹੜਤਾਲ 'ਤੇ ਬੈਠਣਗੇ। ਅੱਜ ਕਾਦੀਆਂ ਦੇ ਸਫ਼ਾਈ ਕਰਮਚਾਰੀਆਂ ਵੱਲੋਂ ਨਗਰ ਕੌਂਸਲ ਕਾਦੀਆਂ ਦੇ ਅਧਿਕਾਰੀ ਕੰਵਲਪ੍ਰੀਤ ਸਿੰਘ ਨੂੰ ਇੱਕ ਮੰਗ ਪੱਤਰ ਵੀ ਸੌਂਪਿਆ ਗਿਆ ਅਤੇ 6 ਮਈ ਤੋਂ ਸ਼ੁਰੂ ਹੋਣ ਵਾਲੀ ਹੜਤਾਲ ਬਾਰੇ ਜਾਣਕਾਰੀ ਦਿੱਤੀ ਗਈ।

Post a Comment

© Qadian Times. All rights reserved. Distributed by ASThemesWorld