![]() |
| ਸੜਕ ਕਿਨਾਰੇ ਡਿੱਗਿਆ ਜੰਗਲਾਤ ਵਿਭਾਗ ਦਾ ਰੁੱਖ। (ਜ਼ੀਸ਼ਾਨ) |
ਕਾਦੀਆਂ, 3 ਮਈ (ਜ਼ੀਸ਼ਾਨ) – ਬੀਤੀ ਰਾਤ ਆਏ ਤੇਜ਼ ਹਨੇਰੀ-ਝੱਖੜ ਨੇ ਕਾਦੀਆਂ ਦੇ ਵੱਖ-ਵੱਖ ਇਲਾਕਿਆਂ ਵਿੱਚ ਨੁਕਸਾਨ ਕੀਤਾ। ਅੱਡਾ ਕਾਹਲਵਾਂ ਨੇੜੇ ਹਰਚੋਵਾਲ ਰੋਡ ‘ਤੇ ਜੰਗਲਾਤ ਵਿਭਾਗ ਦੇ ਸਫੈਦੇ ਦੇ ਰੁੱਖ ਡਿੱਗਣ ਨਾਲ ਆਵਾਜਾਈ ਪ੍ਰਭਾਵਿਤ ਰਹੀ ਅਤੇ ਵਾਹਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਕਾਦੀਆਂ-ਬਟਾਲਾ ਰੋਡ ‘ਤੇ ਡੱਲਾ ਮੋੜ ਨੇੜੇ ਰੁੱਖ ਦੀ ਟਾਹਣੀ ਡਿੱਗਣ ਨਾਲ ਇੱਕ ਮੋਟਰਸਾਈਕਲ ਸਵਾਰ ਮਲਕੀਤ ਸਿੰਘ ਜ਼ਖਮੀ ਹੋ ਗਿਆ, ਜਿਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ। ਇਸ ਤੋਂ ਇਲਾਵਾ ਕੋਟ ਟੋਡਰਮਲ ਇਲਾਕੇ ਵਿੱਚ ਇੱਕ ਕਾਰ ‘ਤੇ ਰੁੱਖ ਡਿੱਗਣ ਨਾਲ ਕਾਰ ਨੂੰ ਨੁਕਸਾਨ ਹੋਇਆ, ਹਾਲਾਂਕਿ ਚਾਲਕ ਬਚ ਗਿਆ।
ਹਨੇਰੀ ਕਾਰਨ ਬਿਜਲੀ ਸਪਲਾਈ ਵੀ ਪ੍ਰਭਾਵਿਤ ਰਹੀ, ਜੋ ਬਾਅਦ ਵਿੱਚ ਬਹਾਲ ਕਰ ਦਿੱਤੀ ਗਈ। ਸਥਾਨਕ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸੜਕ ਕਿਨਾਰੇ ਖ਼ਤਰਨਾਕ ਰੁੱਖ ਸਮੇਂ ਸਿਰ ਕਟਵਾਏ ਜਾਣ ਤਾਂ ਜੋ ਹਾਦਸਿਆਂ ਤੋਂ ਬਚਿਆ ਜਾ ਸਕੇ।
