![]() |
ਅੰਮ੍ਰਿਤਸਰ ਵਿੱਚ ਰਾਸ਼ਟਰੀ ਲੋਕ ਅਦਾਲਤ ਦੌਰਾਨ ਵਿਵਾਦਾਂ ਦਾ ਨਿਪਟਾਰਾ ਕਰਦੇ ਹੋਏ। (ਜ਼ੀਸ਼ਾਨ) |
ਅੰਮ੍ਰਿਤਸਰ, 9 ਮਈ (ਜ਼ੀਸ਼ਾਨ): ਸ੍ਰੀਮਤੀ ਜਤਿੰਦਰ ਕੌਰ, ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਪਰਸਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅੰਮ੍ਰਿਤਸਰ ਦੀ ਅਗਵਾਈ ਅਤੇ ਸ੍ਰੀ ਅਮਰਦੀਪ ਸਿੰਘ ਬੈਂਸ, ਸਿਵਲ ਜੱਜ (ਸੀਨੀਅਰ ਡਿਵੀਜ਼ਨ)-ਕਮ-ਸਕੱਤਰ ਦੀ ਦੇਖ-ਰੇਖ ਹੇਠ ਰਾਸ਼ਟਰੀ ਲੋਕ ਅਦਾਲਤ ਦਾ ਸਫਲ ਆਯੋਜਨ ਕੀਤਾ ਗਿਆ।
ਲੋਕ ਅਦਾਲਤ ਵਿੱਚ ਮੁਕੱਦਮੇਬਾਜ਼ਾਂ, ਵਕੀਲਾਂ, ਨਿਆਇਕ ਅਧਿਕਾਰੀਆਂ ਅਤੇ ਵੱਖ-ਵੱਖ ਸੰਸਥਾਵਾਂ ਵੱਲੋਂ ਵੱਡੀ ਗਿਣਤੀ ਵਿੱਚ ਭਾਗ ਲਿਆ ਗਿਆ। ਕੁੱਲ 24,554 ਕੇਸ ਸੁਣਵਾਈ ਲਈ ਰੱਖੇ ਗਏ, ਜਿਨ੍ਹਾਂ ਵਿੱਚੋਂ 22,930 ਕੇਸ ਆਪਸੀ ਸਹਿਮਤੀ ਨਾਲ ਨਿਪਟਾਏ ਗਏ ਅਤੇ ਲਗਭਗ 50.79 ਕਰੋੜ ਰੁਪਏ ਦੇ ਅਵਾਰਡ ਕੀਤੇ ਗਏ।
ਅੰਮ੍ਰਿਤਸਰ ਹੈੱਡਕੁਆਰਟਰ ’ਤੇ 15 ਬੈਂਚਾਂ, ਜਦਕਿ ਅਜਨਾਲਾ ਅਤੇ ਬਾਬਾ ਬਕਾਲਾ ਸਾਹਿਬ ਵਿੱਚ 2-2 ਬੈਂਚਾਂ ਬਣਾਈਆਂ ਗਈਆਂ। ਨਿਆਇਕ ਅਧਿਕਾਰੀਆਂ ਅਤੇ ਸਟਾਫ ਨੇ ਲਗਨ ਨਾਲ ਕੰਮ ਕਰਦਿਆਂ ਸਮਾਗਮ ਨੂੰ ਕਾਮਯਾਬ ਬਣਾਇਆ।
ਲੋਕ ਅਦਾਲਤ ਦੌਰਾਨ ਕਈ ਪਰਿਵਾਰਕ, ਕਿਰਾਏਦਾਰੀ ਅਤੇ ਬੈਂਕ ਰਿਕਵਰੀ ਨਾਲ ਸੰਬੰਧਿਤ ਮਾਮਲੇ ਆਪਸੀ ਸਮਝੌਤੇ ਨਾਲ ਨਿਪਟਾਏ ਗਏ, ਜਿਸ ਨਾਲ ਪੱਖਕਾਰਾਂ ਵਿਚਕਾਰ ਸਾਂਝ ਅਤੇ ਭਰੋਸਾ ਮੁੜ ਕਾਇਮ ਹੋਇਆ।
ਸ੍ਰੀਮਤੀ ਜਤਿੰਦਰ ਕੌਰ ਨੇ ਕਿਹਾ ਕਿ ਲੋਕ ਅਦਾਲਤਾਂ ਆਮ ਲੋਕਾਂ ਨੂੰ ਤੇਜ਼, ਸਸਤਾ ਅਤੇ ਸੁਗਮ ਇਨਸਾਫ ਦੇਣ ਲਈ ਪ੍ਰਭਾਵਸ਼ਾਲੀ ਮੰਚ ਹਨ। ਸ੍ਰੀ ਅਮਰਦੀਪ ਸਿੰਘ ਬੈਂਸ ਨੇ ਸਾਰੇ ਸਹਿਯੋਗੀਆਂ ਦਾ ਧੰਨਵਾਦ ਕੀਤਾ।
