![]() |
| ਜਾਣਕਾਰੀ ਦਿੰਦੇ ਹੋਏ ਸਾਬਕਾ ਫੌਜੀ ਰਿੰਕੂ ਸਿੰਘ, ਟ੍ਰੈਕ ਤੇ ਅਭਿਆਸ ਕਰਦੇ ਨੌਜਵਾਨ ਲੜਕੇ ਲੜਕੀਆਂ। (ਜ਼ੀਸ਼ਾਨ) |
ਕਾਦੀਆਂ, 26 ਮਈ (ਜ਼ੀਸ਼ਾਨ) – ਅੱਜ ਦੇ ਸਮੇਂ ਵਿੱਚ ਜਿੱਥੇ ਨੌਜਵਾਨਾਂ ਨੂੰ ਸਹੀ ਮਾਰਗਦਰਸ਼ਨ ਦੀ ਲੋੜ ਮਹਿਸੂਸ ਹੋ ਰਹੀ ਹੈ, ਉੱਥੇ ਹੀ ਇਲਾਕੇ ਦੇ ਸਾਬਕਾ ਫੌਜੀ ਰਿੰਕੂ ਸਿੰਘ ਨੌਜਵਾਨਾਂ ਨੂੰ ਦੇਸ਼ ਸੇਵਾ ਲਈ ਤਿਆਰ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ। ਪਿਛਲੇ ਤਿੰਨ ਸਾਲਾਂ ਤੋਂ ਉਹ ਮੁਫ਼ਤ ਟ੍ਰੇਨਿੰਗ ਦੇ ਕੇ ਨੌਜਵਾਨ ਲੜਕੇ-ਲੜਕੀਆਂ ਨੂੰ ਫੌਜ ਅਤੇ ਪੁਲਿਸ ਭਰਤੀ ਲਈ ਤਿਆਰ ਕਰ ਰਹੇ ਹਨ। ਉਨ੍ਹਾਂ ਦੀ ਮਿਹਨਤ ਸਦਕਾ ਕਈ ਨੌਜਵਾਨ ਅੱਜ ਫੌਜ ਅਤੇ ਪੁਲਿਸ ਵਿਭਾਗ ਵਿੱਚ ਸੇਵਾਵਾਂ ਨਿਭਾ ਰਹੇ ਹਨ।
ਰਿੰਕੂ ਸਿੰਘ ਨੇ ਦੱਸਿਆ ਕਿ ਹਰ ਰੋਜ਼ ਸਵੇਰੇ 5 ਵਜੇ ਐੱਸ.ਐੱਨ. ਕਾਲਜ ਦੇ ਮੈਦਾਨ ਵਿੱਚ ਕਰੀਬ 30 ਨੌਜਵਾਨ ਟ੍ਰੇਨਿੰਗ ਲਈ ਪਹੁੰਚਦੇ ਹਨ। ਇੱਥੇ ਉਨ੍ਹਾਂ ਨੂੰ ਰਨਿੰਗ, ਹਰਡਲਜ਼, ਪੁਸ਼-ਅਪਸ, ਲਾਂਗ ਜੰਪ, ਹਾਈ ਜੰਪ ਅਤੇ ਹੋਰ ਸ਼ਾਰੀਰਿਕ ਪ੍ਰੀਖਿਆਵਾਂ ਲਈ ਤਿਆਰ ਕੀਤਾ ਜਾਂਦਾ ਹੈ। ਇਸ ਦੇ ਨਾਲ ਹੀ ਨੌਜਵਾਨਾਂ ਵਿੱਚ ਅਨੁਸ਼ਾਸਨ, ਆਤਮਵਿਸ਼ਵਾਸ ਅਤੇ ਦੇਸ਼ਭਗਤੀ ਦੀ ਭਾਵਨਾ ਵੀ ਪੈਦਾ ਕੀਤੀ ਜਾਂਦੀ ਹੈ।
ਉਨ੍ਹਾਂ ਦੱਸਿਆ ਕਿ ਸਮੇਂ-ਸਮੇਂ ‘ਤੇ ਮੁਕਾਬਲੇ ਵੀ ਕਰਵਾਏ ਜਾਂਦੇ ਹਨ, ਜਿਨ੍ਹਾਂ ਵਿੱਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਨੌਜਵਾਨਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ। ਇਸ ਨਾਲ ਨੌਜਵਾਨਾਂ ਦਾ ਹੋਸਲਾ ਵਧਦਾ ਹੈ ਅਤੇ ਹੋਰਾਂ ਨੂੰ ਵੀ ਪ੍ਰੇਰਣਾ ਮਿਲਦੀ ਹੈ।
ਸਾਬਕਾ ਫੌਜੀ ਰਿੰਕੂ ਸਿੰਘ ਨੇ ਕਿਹਾ ਕਿ ਉਹ 17 ਸਾਲਾਂ ਤੱਕ ਦੇਸ਼ ਸੇਵਾ ਕਰ ਚੁੱਕੇ ਹਨ ਅਤੇ ਹੁਣ ਆਪਣੇ ਤਜ਼ਰਬੇ ਦਾ ਲਾਭ ਇਲਾਕੇ ਦੇ ਨੌਜਵਾਨਾਂ ਤੱਕ ਪਹੁੰਚਾਉਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਨੌਜਵਾਨਾਂ ਨੂੰ ਸਹੀ ਦਿਸ਼ਾ ਅਤੇ ਸਕਾਰਾਤਮਕ ਮਾਹੌਲ ਮਿਲੇ ਤਾਂ ਉਹ ਆਪਣੇ ਪਰਿਵਾਰ ਅਤੇ ਦੇਸ਼ ਦਾ ਨਾਮ ਰੌਸ਼ਨ ਕਰ ਸਕਦੇ ਹਨ।
ਇਲਾਕੇ ਦੇ ਲੋਕਾਂ ਨੇ ਰਿੰਕੂ ਸਿੰਘ ਦੀ ਇਸ ਨਿਸ਼ਕਾਮ ਸੇਵਾ ਅਤੇ ਸਮਾਜਸੇਵੀ ਸੋਚ ਦੀ ਭਰਪੂਰ ਸਰਾਹਣਾ ਕੀਤੀ। ਲੋਕਾਂ ਦਾ ਕਹਿਣਾ ਹੈ ਕਿ ਅਜਿਹੇ ਉਪਰਾਲੇ ਨੌਜਵਾਨਾਂ ਨੂੰ ਨਸ਼ਿਆਂ ਅਤੇ ਹੋਰ ਬੁਰੀਆਂ ਆਦਤਾਂ ਤੋਂ ਦੂਰ ਰੱਖ ਕੇ ਉਨ੍ਹਾਂ ਦੇ ਭਵਿੱਖ ਨੂੰ ਨਵੀਂ ਦਿਸ਼ਾ ਦੇ ਰਹੇ ਹਨ।
