![]() |
| ਕਾਦੀਆਂ ਦੇ ਸਿੱਖ ਨੈਸ਼ਨਲ ਕਾਲਜ ਵਿੱਚ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਮੁੱਖ ਮਹਿਮਾਨ ਡਾ. ਕਰਮਜੀਤ ਸਿੰਘ, ਸਕੱਤਰ ਕਸ਼ਮੀਰ ਸਿੰਘ ਬੋਪਾਰਾਏ, ਪ੍ਰਿੰਸੀਪਲ ਡਾ. ਹੁੰਦਲ ਆਦਿ। ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਦੀਆਂ ਵਿਦਿਆਰਥਣਾਂ। (ਜ਼ੀਸ਼ਾਨ) |
ਕਾਦੀਆਂ, 7 ਅਪ੍ਰੈਲ (ਜ਼ੀਸ਼ਾਨ) – ਸਿੱਖ ਐਜੂਕੇਸ਼ਨਲ ਸੁਸਾਇਟੀ ਚੰਡੀਗੜ੍ਹ ਦੇ ਪ੍ਰਬੰਧ ਹੇਠ ਚੱਲ ਰਹੇ ਸਿੱਖ ਨੈਸ਼ਨਲ ਕਾਲਜ ਕਾਦੀਆਂ ਵੱਲੋਂ ਪ੍ਰਿੰਸੀਪਲ ਡਾ. ਹਰਪ੍ਰੀਤ ਸਿੰਘ ਹੁੰਦਲ ਦੀ ਅਗਵਾਈ ਹੇਠ ਕਾਲਜ ਆਡੀਟੋਰੀਅਮ ਵਿੱਚ ਸਾਲਾਨਾ ਇਨਾਮ ਵੰਡ ਤੇ ਸੱਭਿਆਚਾਰਕ ਸਮਾਗਮ ਕਰਵਾਇਆ ਗਿਆ। ਸਮਾਗਮ ਦੇ ਮੁੱਖ ਮਹਿਮਾਨ ਪ੍ਰਸਿੱਧ ਲੋਕਧਾਰਾ ਸ਼ਾਸਤਰੀ ਅਤੇ ਚਿੰਤਕ ਸਾਬਕਾ ਪ੍ਰੋ. ਡਾ. ਕਰਮਜੀਤ ਸਿੰਘ (ਕੁਰੂਕਸ਼ੇਤਰ ਯੂਨੀਵਰਸਿਟੀ) ਸਨ। ਪ੍ਰਧਾਨਗੀ ਸਥਾਨਕ ਪ੍ਰਬੰਧਕ ਕਮੇਟੀ ਦੇ ਸਕੱਤਰ ਕਸ਼ਮੀਰ ਸਿੰਘ ਬੋਪਾਰਾਏ ਨੇ ਕੀਤੀ, ਜਦਕਿ ਸਤਨਾਮ ਸਿੰਘ ਬੁੱਟਰ, ਸਿਕੰਦਰ ਸਿੰਘ ਕਾਹਲਵਾਂ, ਕਸ਼ਮੀਰ ਸਿੰਘ ਬਾਜਵਾ ਅਤੇ ਸਰਪੰਚ ਸੁਕਾਲਾ ਵੀ ਹਾਜ਼ਰ ਰਹੇ।
ਇਸ ਮੌਕੇ ਲਗਭਗ 200 ਹੋਣਹਾਰ ਵਿਦਿਆਰਥੀਆਂ ਨੂੰ ਇਨਾਮ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਮੁੱਖ ਮਹਿਮਾਨ ਡਾ. ਕਰਮਜੀਤ ਸਿੰਘ ਨੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ ਸਹਿ-ਗਤੀਵਿਧੀਆਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ। ਸਥਾਨਕ ਪ੍ਰਬੰਧਕ ਕਮੇਟੀ ਵੱਲੋਂ ਉਨ੍ਹਾਂ ਨੂੰ ਦੁਸ਼ਾਲਾ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਸਕੱਤਰ ਸ. ਕਸ਼ਮੀਰ ਸਿੰਘ ਬੋਪਾਰਾਏ ਨੇ ਕਾਲਜ ਵੱਲੋਂ ਪੇਂਡੂ ਖੇਤਰ ਵਿੱਚ ਉਚੇਰੀ ਸਿੱਖਿਆ ਦੇ ਯੋਗਦਾਨ ਬਾਰੇ ਜਾਣਕਾਰੀ ਦਿੱਤੀ।
ਸਮਾਗਮ ਦੌਰਾਨ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤੇ ਗਏ। ਸਿਮਰਨ ਸਿੰਘ ਨੇ ਗ਼ਜ਼ਲ, ਨਵਨੀਤ ਕੌਰ, ਰਾਧਿਕਾ, ਅੰਜਲੀ ਅਤੇ ਪ੍ਰਿਅੰਕਾ ਨੇ ਸੱਭਿਆਚਾਰਕ ਗੀਤ ਪੇਸ਼ ਕੀਤਾ ਅਤੇ ਵਿਦਿਆਰਥਣਾਂ ਨੇ ਗਿੱਧਾ ਪੇਸ਼ ਕਰਕੇ ਸਮਾਗਮ ਨੂੰ ਰੰਗੀਨ ਬਣਾਇਆ। ਮੰਚ ਦਾ ਸੰਚਾਲਨ ਪ੍ਰੋ. ਅਮਨਦੀਪ ਕੌਰ ਅਤੇ ਡਾ. ਸਤਿੰਦਰ ਕੌਰ ਨੇ ਕੀਤਾ।
ਇਸ ਮੌਕੇ ਪ੍ਰੋ. ਰਾਕੇਸ਼ ਕੁਮਾਰ, ਸਾਬਕਾ ਜ਼ਿਲ੍ਹਾ ਸਿੱਖਿਆ ਅਫਸਰ ਅਮਰਜੀਤ ਸਿੰਘ ਭਾਟੀਆ, ਸੇਵਾ-ਮੁਕਤ ਪ੍ਰੋ. ਸੁਖਪਾਲ ਕੌਰ, ਲੈਕਚਰਾਰ ਗੁਰਬਚਨ ਸਿੰਘ, ਪ੍ਰੋ. ਹਰਦੀਪ ਸਿੰਘ ਭਾਟੀਆ (ਘੁਮਾਣ ਕਾਲਜ), ਸਰਪੰਚ ਮਨਦੀਪ ਸਿੰਘ ਸਮੇਤ ਇਲਾਕੇ ਦੇ ਪਤਵੰਤੇ, ਕਾਲਜ ਦਾ ਟੀਚਿੰਗ ਤੇ ਨਾਨ-ਟੀਚਿੰਗ ਸਟਾਫ਼, ਕਾਲਜੀਏਟ ਸਕੂਲ ਸਟਾਫ਼, ਵਿਦਿਆਰਥੀ ਅਤੇ ਉਨ੍ਹਾਂ ਦੇ ਮਾਤਾ-ਪਿਤਾ ਵੱਡੀ ਗਿਣਤੀ ਵਿੱਚ ਹਾਜ਼ਰ ਸਨ।
