| ਸਿੱਖ ਨੈਸ਼ਨਲ ਕਾਲਜ ਕਾਦੀਆਂ ਦੇ ਕੰਪਿਊਟਰ ਵਿਭਾਗ ਦੀ ਟੀਮ ਪ੍ਰਿੰਸੀਪਲ ਡਾ. ਹਰਪ੍ਰੀਤ ਸਿੰਘ ਹੁੰਦਲ ਅਤੇ ਅਧਿਆਪਕਾਂ ਨਾਲ। (ਜ਼ੀਸ਼ਾਨ) |
ਕਾਦੀਆਂ, 10 ਮਾਰਚ (ਜ਼ੀਸ਼ਾਨ) – ਸਿੱਖ ਨੈਸ਼ਨਲ ਕਾਲਜ ਕਾਦੀਆਂ ਦੇ ਕੰਪਿਊਟਰ ਵਿਭਾਗ ਦੇ ਵਿਦਿਆਰਥੀਆਂ ਨੇ ਪੰਡਿਤ ਮੋਹਨ ਲਾਲ ਐਸ.ਡੀ. ਕਾਲਜ ਗੁਰਦਾਸਪੁਰ ਵਿਖੇ ਹੋਏ ਟੈਕਨੋਫ਼ਨ-2026 ਸਮਾਗਮ ਦੌਰਾਨ ਵੱਖ-ਵੱਖ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਅੱਵਲ ਪੁਜੀਸ਼ਨਾਂ ਹਾਸਲ ਕਰਕੇ ਆਪਣੇ ਕਾਲਜ ਅਤੇ ਜ਼ਿਲ੍ਹੇ ਦਾ ਨਾਮ ਰੋਸ਼ਨ ਕੀਤਾ।
ਪ੍ਰਿੰਸੀਪਲ ਡਾ. ਹਰਪ੍ਰੀਤ ਸਿੰਘ ਹੁੰਦਲ ਅਤੇ ਕੰਪਿਊਟਰ ਵਿਭਾਗ ਦੇ ਪ੍ਰੋ. ਸਤਵਿੰਦਰ ਸਿੰਘ ਤੇ ਪ੍ਰੋ. ਕੌਸ਼ਲ ਕੁਮਾਰ ਨੇ ਦੱਸਿਆ ਕਿ ਇਸ ਸਮਾਗਮ ਵਿੱਚ ਦਸ ਕਾਲਜਾਂ ਦੀਆਂ ਟੀਮਾਂ ਨੇ ਭਾਗ ਲਿਆ। ਕਾਲਜ ਦੀ ਟੀਮ ਨੇ ਪ੍ਰੋ. ਪੂਜਾ ਪੁਰੀ ਦੀ ਅਗਵਾਈ ਹੇਠ ਹਿੱਸਾ ਲਿਆ।
ਪੀ.ਪੀ.ਟੀ. ਮੁਕਾਬਲੇ ਵਿੱਚ ਸ਼ੀਤਲ (ਬੀ.ਸੀ.ਏ. ਛੇਵਾਂ ਸਮੈਸਟਰ) ਨੇ ਪਹਿਲਾ ਸਥਾਨ ਹਾਸਲ ਕੀਤਾ। ਪ੍ਰਸ਼ਨੋਤਰੀ ਮੁਕਾਬਲੇ ਵਿੱਚ ਮਨਜੀਤ ਸਿੰਘ, ਅਰਸ਼ਦੀਪ ਸਿੰਘ ਅਤੇ ਜੈਸਮੀਨ ਕੌਰ (ਐਮ.ਐਸ.ਸੀ. ਆਈ.ਟੀ.) ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਓਪਨ ਮਾਈਕ ਵਿੱਚ ਗੁਰਸ਼ਰਨਬੀਰ ਕੌਰ ਨੇ ਦੂਸਰਾ ਅਤੇ ਟਾਈਪਿੰਗ ਮੁਕਾਬਲੇ ਵਿੱਚ ਮਹਿਕਪ੍ਰੀਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ।
ਕਾਲਜ ਪਹੁੰਚਣ 'ਤੇ ਜੇਤੂ ਟੀਮ ਦਾ ਪ੍ਰਿੰਸੀਪਲ ਡਾ. ਹੁੰਦਲ, ਪ੍ਰੋ. ਪੂਜਾ ਪੁਰੀ ਅਤੇ ਹੋਰ ਅਧਿਆਪਕਾਂ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ। ਸਥਾਨਕ ਪ੍ਰਬੰਧਕ ਕਮੇਟੀ ਦੇ ਸਕੱਤਰ ਸ. ਕਸ਼ਮੀਰ ਸਿੰਘ ਬੋਪਾਰਾਏ ਸਮੇਤ ਸਮੂਹ ਮੈਂਬਰਾਂ ਨੇ ਵੀ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ।