| ਐਨ.ਸੀ.ਸੀ ਕੈਡਿਟ ਕਾਲਜ ਪਹੁੰਚਣ 'ਤੇ ਪ੍ਰਿੰਸੀਪਲ ਡਾ. ਹਰਪ੍ਰੀਤ ਸਿੰਘ ਹੁੰਦਲ ਅਤੇ ਇੰਚਾਰਜ ਲੈਫ਼ਟੀਨੈਂਟ ਸਤਵਿੰਦਰ ਸਿੰਘ ਨਾਲ। (ਜ਼ੀਸ਼ਾਨ) |
ਕਾਦੀਆਂ, 5 ਮਾਰਚ (ਜ਼ੀਸ਼ਾਨ) – ਸਿੱਖ ਨੈਸ਼ਨਲ ਕਾਲਜ ਕਾਦੀਆਂ ਦੇ ਐਨ.ਸੀ.ਸੀ ਵਿੰਗ ਦੇ ਲੜਕਿਆਂ ਅਤੇ ਲੜਕੀਆਂ ਨੇ ਭਾਰਤ ਸਰਕਾਰ ਦੀ ਯੁਵਾ ਆਪਦਾ ਮਿੱਤਰਾ ਸਕੀਮ ਤਹਿਤ ਲਗੇ 10 ਰੋਜ਼ਾ ਸਿਖਲਾਈ ਕੈਂਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਕਾਲਜ ਪ੍ਰਿੰਸੀਪਲ ਡਾ. ਹਰਪ੍ਰੀਤ ਸਿੰਘ ਹੁੰਦਲ ਅਤੇ ਐਨ.ਸੀ.ਸੀ ਇੰਚਾਰਜ ਲੈਫ਼ਟੀਨੈਂਟ ਸਤਵਿੰਦਰ ਸਿੰਘ ਨੇ ਦੱਸਿਆ ਕਿ 22 ਪੰਜਾਬ ਐਨ.ਸੀ.ਸੀ ਬਟਾਲੀਅਨ ਬਟਾਲਾ ਦੇ ਕਮਾਂਡਿੰਗ ਅਫ਼ਸਰ ਕਰਨਲ ਕੇ.ਜੇ.ਐਸ ਗਿੱਲ ਦੀ ਰਹਿਨੁਮਾਈ ਹੇਠ ਇਹ ਕੈਂਪ ਸੰਤ ਗਿਆਨੀ ਗੁਰਬਚਨ ਸਿੰਘ ਖ਼ਾਲਸਾ ਅਕੈਡਮੀ ਮਹਿਤਾ ਚੌਂਕ ਵਿਖੇ ਲਗਾਇਆ ਗਿਆ ਸੀ, ਜਿਸ ਵਿੱਚ ਕਾਲਜ ਦੀਆਂ 12 ਕੈਡਿਟ ਲੜਕੀਆਂ ਅਤੇ 2 ਕੈਡਿਟ ਲੜਕਿਆਂ ਨੇ ਭਾਗ ਲਿਆ।
ਕੈਂਪ ਦੌਰਾਨ ਕੈਡਿਟਾਂ ਨੂੰ ਕੁਦਰਤੀ ਆਫ਼ਤਾਂ ਸਮੇਂ ਲੋਕਾਂ ਦੀ ਸਹਾਇਤਾ, ਫਸਟ ਏਡ, ਅੱਗ ਬੁਝਾਉਣ ਅਤੇ ਉੱਚੀਆਂ ਇਮਾਰਤਾਂ ਵਿੱਚ ਫਸੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਵਰਗੀਆਂ ਗਤੀਵਿਧੀਆਂ ਬਾਰੇ ਸਿਖਲਾਈ ਦਿੱਤੀ ਗਈ। ਇਸ ਤੋਂ ਇਲਾਵਾ ਲਿਫਟਿੰਗ ਅਤੇ ਸ਼ਿਫਟਿੰਗ ਸੰਬੰਧੀ ਵੀ ਪ੍ਰਸ਼ਿਕਸ਼ਣ ਪ੍ਰਾਪਤ ਕੀਤਾ ਗਿਆ।
ਕੈਂਪ ਵਿੱਚ ਕੈਡਿਟ ਰਾਜਵਿੰਦਰ ਕੌਰ, ਨਵਨੀਤ ਕੌਰ, ਹਰਪ੍ਰੀਤ ਕੌਰ, ਹਰਜਿੰਦਰ ਕੌਰ, ਅਰਸ਼ਦੀਪ ਕੌਰ, ਅਨਮੋਲਦੀਪ ਕੌਰ, ਦਿਲਪ੍ਰੀਤ ਕੌਰ ਅਤੇ ਤਾਨੀ ਪ੍ਰੀਤ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਕੈਂਪ ਤੋਂ ਵਾਪਸੀ 'ਤੇ ਕਾਲਜ ਪ੍ਰਿੰਸੀਪਲ ਅਤੇ ਸਟਾਫ਼ ਮੈਂਬਰਾਂ ਵੱਲੋਂ ਕੈਡਿਟਾਂ ਦੀ ਹੌਂਸਲਾ ਅਫਜ਼ਾਈ ਕੀਤੀ ਗਈ।