ਕਾਦੀਆਂ ਵਿੱਚ ਪੈਦਲ ਸੰਗ ਯਾਤਰਾ ਦਾ ਹੋਵੇਗਾ ਭਰਵਾਂ ਸਵਾਗਤ, ਥਾਂ-ਥਾਂ ਲੰਗਰ ਸੇਵਾ

ਕਾਦੀਆਂ ਦੇ ਮੁਹੱਲਾ ਅਕਾਲਗੜ੍ਹ ਵਿੱਚ ਨੌਜਵਾਨ ਸੇਵਕ ਜੱਥਾ ਜਾਣਕਾਰੀ ਦਿੰਦਿਆਂ, ਲਗਾਇਆ ਗਿਆ ਲੰਗਰ। (ਜ਼ੀਸ਼ਾਨ)

ਕਾਦੀਆਂ, 1 ਮਾਰਚ(ਜ਼ੀਸ਼ਾਨ)-  ਖੰਡੀਆਲਾ ਸੈਣੀਆਂ (ਹੁਸ਼ਿਆਰਪੁਰ) ਤੋਂ ਸ੍ਰੀ ਚੋਹਲਾ ਸਾਹਿਬ, ਡੇਰਾ ਬਾਬਾ ਨਾਨਕ ਦੇ ਦਰਸ਼ਨਾਂ ਲਈ 1 ਮਾਰਚ ਨੂੰ ਰਵਾਨਾ ਹੋਈ ਪੈਦਲ ਸੰਗ ਯਾਤਰਾ 3 ਮਾਰਚ ਨੂੰ ਕਾਦੀਆਂ ਪਹੁੰਚੇਗੀ। ਇਸ ਯਾਤਰਾ ਵਿੱਚ ਹੁਣ ਤੱਕ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਸ਼ਾਮਲ ਹੋ ਚੁੱਕੀਆਂ ਹਨ।
ਸੰਗਤਾਂ ਦੀ ਸੇਵਾ ਲਈ ਕਾਦੀਆਂ ਵਿੱਚ ਥਾਂ-ਥਾਂ ਲੰਗਰ ਲਗਾਏ ਗਏ ਹਨ। ਨੌਜਵਾਨ ਸੇਵਕ ਜੱਥਾ ਵੱਲੋਂ ਮੁਹੱਲਾ ਅਕਾਲਗੜ੍ਹ ਵਿੱਚ ਵਿਸ਼ਾਲ ਲੰਗਰ ਲਗਾਇਆ ਗਿਆ ਹੈ ਜੋ 25 ਫਰਵਰੀ ਤੋਂ ਲਗਾਤਾਰ ਚੱਲ ਰਿਹਾ ਹੈ। ਇਸ ਤੋਂ ਇਲਾਵਾ ਸੰਗ ਬਾਬੇ ਨਾਨਕ 13-13 ਕਮੇਟੀ ਵੱਲੋਂ ਵੀ ਸੰਗਤਾਂ ਲਈ ਲੰਗਰ ਸੇਵਾ ਕੀਤੀ ਜਾ ਰਹੀ ਹੈ। ਸੰਗਤਾਂ ਦੇ ਠਹਿਰਾਉ ਲਈ ਸਥਾਨਕ ਲੋਕਾਂ ਨੇ ਆਪਣੇ ਘਰਾਂ ਦੇ ਦਰਵਾਜ਼ੇ ਖੋਲ੍ਹ ਦਿੱਤੇ ਹਨ ਅਤੇ ਮੁਸਲਿਮ ਭਾਈਚਾਰੇ ਵੱਲੋਂ ਵੀ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ।
ਇਸ ਸਬੰਧੀ ਗੁਰਜੀਤ ਸਿੰਘ, ਅਵਤਾਰ ਸਿੰਘ ਅਤੇ ਬਿਕਰਮਜੀਤ ਸਿੰਘ ਹੈਪੀ ਨੇ ਦੱਸਿਆ ਕਿ ਇਹ ਪੈਦਲ ਯਾਤਰਾ ਹੁਸ਼ਿਆਰਪੁਰ ਦੇ ਪਿੰਡ ਖੰਡੀਆਲਾ ਸੈਣੀਆਂ ਤੋਂ ਅਰਦਾਸ ਉਪਰੰਤ ਰਵਾਨਾ ਹੋ ਕੇ ਵੱਖ-ਵੱਖ ਪਿੰਡਾਂ ਅਤੇ ਕਸਬਿਆਂ ਵਿਚੋਂ ਗੁਜ਼ਰਦੀ ਹੋਈ 3 ਮਾਰਚ ਨੂੰ ਕਾਦੀਆਂ ਪਹੁੰਚੇਗੀ। ਕਾਦੀਆਂ ਪਹੁੰਚਣ 'ਤੇ ਸਥਾਨਕ ਸੰਗਤਾਂ ਅਤੇ ਨਗਰ ਨਿਵਾਸੀਆਂ ਵੱਲੋਂ ਯਾਤਰੀਆਂ ਦਾ ਭਰਵਾਂ ਸਵਾਗਤ ਕੀਤਾ ਜਾਵੇਗਾ ਅਤੇ ਇਸ ਮੌਕੇ ਕੀਰਤਨ ਦਰਬਾਰ, ਲੰਗਰ ਅਤੇ ਧਾਰਮਿਕ ਦੀਵਾਨ ਵੀ ਸਜਾਏ ਜਾਣਗੇ।
ਉਨ੍ਹਾਂ ਕਿਹਾ ਕਿ ਇਹ ਪੈਦਲ ਯਾਤਰਾ ਸਿੱਖ ਇਤਿਹਾਸ ਅਤੇ ਪਰੰਪਰਾਵਾਂ ਨਾਲ ਜੁੜੀ ਇੱਕ ਮਹੱਤਵਪੂਰਨ ਧਾਰਮਿਕ ਯਾਤਰਾ ਹੈ ਜੋ ਨੌਜਵਾਨ ਪੀੜ੍ਹੀ ਨੂੰ ਆਪਣੇ ਧਰਮ ਅਤੇ ਵਿਰਾਸਤ ਨਾਲ ਜੋੜਦੀ ਹੈ। ਯਾਤਰਾ ਦੌਰਾਨ ਅਨੁਸ਼ਾਸਨ, ਸਫ਼ਾਈ ਅਤੇ ਸੇਵਾ ਭਾਵਨਾ 'ਤੇ ਖ਼ਾਸ ਧਿਆਨ ਦਿੱਤਾ ਜਾਂਦਾ ਹੈ।
ਯਾਤਰਾ ਦਾ ਅੰਤਿਮ ਪੜਾਅ ਪਵਿੱਤਰ ਅਸਥਾਨ ਸ੍ਰੀ ਚੋਲਾ ਸਾਹਿਬ ਵਿਖੇ ਹੋਵੇਗਾ, ਜਿੱਥੇ ਵੱਡੀ ਗਿਣਤੀ ਵਿੱਚ ਸੰਗਤ ਮੱਥਾ ਟੇਕ ਕੇ ਅਸ਼ੀਰਵਾਦ ਪ੍ਰਾਪਤ ਕਰੇਗੀ। ਪ੍ਰਬੰਧਕਾਂ ਮੁਤਾਬਕ ਇਸ ਵਾਰ ਯਾਤਰਾ ਵਿੱਚ ਪਹਿਲਾਂ ਨਾਲੋਂ ਵੱਧ ਸੰਗਤ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ, ਜਿਸ ਕਰਕੇ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਕੀਤਾ ਜਾ ਰਿਹਾ ਹੈ।


Post a Comment

© Qadian Times. All rights reserved. Distributed by ASThemesWorld