ਬਿਜਲੀ ਸੋਧ ਬਿੱਲ 2026 ਖ਼ਿਲਾਫ਼ ਕਾਦੀਆਂ ਵਿੱਚ ਬਿਜਲੀ ਕਾਮਿਆਂ ਵੱਲੋਂ ਕਾਪੀਆਂ ਸਾੜ੍ਹ ਕੇ ਕੀਤਾ ਰੋਸ ਪ੍ਰਦਰਸ਼ਨ

ਪਾਵਰਕੌਮ ਸਬ ਡਵੀਜ਼ਨ ਕਾਦੀਆਂ ਦੇ ਬਿਜਲੀ ਕਾਮਿਆਂ ਵੱਲੋਂ ਰੋਸ਼ ਪ੍ਰਦਰਸ਼ਨ ਕਰਦਿਆਂ। (ਜ਼ੀਸ਼ਾਨ)

ਕਾਦੀਆਂ, 10 ਮਾਰਚ (ਜ਼ੀਸ਼ਾਨ) – ਪਾਵਰਕੌਮ ਸਬ ਡਵੀਜ਼ਨ ਕਾਦੀਆਂ ਦੇ ਬਿਜਲੀ ਕਾਮਿਆਂ ਵੱਲੋਂ ਕੇਂਦਰ ਸਰਕਾਰ ਵੱਲੋਂ ਪਾਰਲੀਮੈਂਟ ਦੇ ਚੱਲ ਰਹੇ ਸੈਸ਼ਨ ਦੌਰਾਨ ਪੇਸ਼ ਕੀਤੇ ਜਾ ਰਹੇ ਬਿਜਲੀ ਸੋਧ ਬਿੱਲ 2026 ਦੇ ਖ਼ਿਲਾਫ਼ ਸਖ਼ਤ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਕਾਮਿਆਂ ਨੇ ਸੋਧ ਬਿੱਲ ਦੀਆਂ ਕਾਪੀਆਂ ਸਾੜ ਕੇ ਕੇਂਦਰ ਸਰਕਾਰ ਦੀਆਂ ਨਿੱਜੀਕਰਨ ਵੱਲ ਵਧ ਰਹੀਆਂ ਨੀਤੀਆਂ ਦੀ ਨਿੰਦਾ ਕੀਤੀ।
ਅੱਜ ਦੇ ਧਰਨੇ ਦੀ ਅਗਵਾਈ ਟੈਕਨੀਕਲ ਸਰਵਿਸਿਜ਼ ਯੂਨੀਅਨ ਰਜਿ. ਸਬ ਡਵੀਜ਼ਨ ਕਾਦੀਆਂ ਦੇ ਆਗੂ ਸੁਰਜੀਤ ਸਿੰਘ ਗੁਰਾਇਆ, ਫੈਡਰੇਸ਼ਨ ਏਟਕ ਦੇ ਆਗੂ ਦਲਜੀਤ ਸਿੰਘ ਸਿੱਧਵਾਂ, ਇੰਪਲਾਈਜ਼ ਫੈਡਰੇਸ਼ਨ ਚਾਹਲ ਦੇ ਆਗੂ ਬਲਜਿੰਦਰ ਸਿੰਘ ਬਾਜਵਾ ਅਤੇ ਪੈਨਸ਼ਨਰਜ਼ ਯੂਨੀਅਨ ਏਟਕ ਦੇ ਆਗੂ ਬਾਵਾ ਸਿੰਘ ਠੀਕਰੀਵਾਲ ਨੇ ਸਾਂਝੇ ਤੌਰ 'ਤੇ ਕੀਤੀ।
ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਅਤੇ ਰਾਜ ਸਰਕਾਰਾਂ ਬਿਜਲੀ ਐਕਟ 2003 ਵਿੱਚ ਸੋਧ ਕਰਕੇ ਬਿਜਲੀ ਖੇਤਰ ਦੇ ਨਿੱਜੀਕਰਨ ਦਾ ਰਸਤਾ ਖੋਲ੍ਹ ਰਹੀਆਂ ਹਨ, ਜਿਸ ਨਾਲ ਨਿੱਜੀ ਕੰਪਨੀਆਂ ਨੂੰ ਵੱਡਾ ਫ਼ਾਇਦਾ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਨਾਲ ਖੇਤੀਬਾੜੀ ਅਤੇ ਘਰੇਲੂ ਖਪਤਕਾਰਾਂ ਨੂੰ ਮਿਲ ਰਹੀ ਸਬਸਿਡੀ ਅਤੇ ਕਰਾਸ ਸਬਸਿਡੀ ਖਤਮ ਹੋ ਸਕਦੀ ਹੈ, ਬਿਜਲੀ ਦੀਆਂ ਕੀਮਤਾਂ ਵੱਧਣਗੀਆਂ ਅਤੇ ਪੱਕੇ ਰੁਜ਼ਗਾਰ 'ਤੇ ਵੀ ਅਸਰ ਪਵੇਗਾ।
ਇਸ ਮੌਕੇ ਜਗਤਾਰ ਸਿੰਘ ਖੁੰਡਾ, ਪ੍ਰੇਮ ਕੁਮਾਰ, ਹਰਦੀਪ ਸਿੰਘ ਸੇਖੋਂ, ਗੁਰਵਿੰਦਰ ਸਿੰਘ ਸੂਚ, ਪਿਆਰਾ ਸਿੰਘ ਭਾਮੜੀ, ਪਰਮਜੀਤ ਸਿੰਘ ਕੋਟ ਅਤੇ ਸੁਰਜੀਤ ਸਿੰਘ ਨੰਗਲ ਝੌਰ ਸਮੇਤ ਹੋਰ ਆਗੂ ਵੀ ਹਾਜ਼ਰ ਸਨ।

Post a Comment

© Qadian Times. All rights reserved. Distributed by ASThemesWorld