ਟੈਕਨੀਕਲ ਸਰਵਿਸਿਜ਼ ਯੂਨੀਅਨ ਵੱਲੋਂ ਪੱਤਰਕਾਰਾਂ, ਮਗਨਰੇਗਾ ਨੂੰ ਬਦਲਣ ਵਾਲੀ ਸਕੀਮ ਦਾ ਵਿਰੋਧ ਕਰਨ ਤੇ ਪੁਲਿਸ ਕੇਸ ਦਰਜ ਕਰਨ ਦੀ ਕੀਤੀ ਨਿਖੇਧੀ

ਕਾਦੀਆਂ ਚ ਟੈਕਨੀਕਲ ਸਰਵਿਸਿਜ਼ ਯੂਨੀਅਨ ਦੇ ਆਗੂ ਮੀਟਿੰਗ ਤੋਂ ਬਾਅਦ ਜਾਣਕਾਰੀ ਦਿੰਦਿਆਂ। (ਜ਼ੀਸ਼ਾਨ)

ਕਾਦੀਆਂ, 3 ਜਨਵਰੀ (ਜ਼ੀਸ਼ਾਨ) – ਟੈਕਨੀਕਲ ਸਰਵਿਸਿਜ਼ ਯੂਨੀਅਨ ਰਜਿ ਸਬ ਡਵੀਜ਼ਨ ਕਾਦੀਆਂ ਦੀ ਜਨਰਲ ਮੀਟਿੰਗ ਸਬ ਡਵੀਜ਼ਨ ਕਾਦੀਆਂ ਦੇ ਪ੍ਰਧਾਨ ਸੁਰਜੀਤ ਸਿੰਘ ਗੁਰਾਇਆ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਸੰਬੋਧਨ ਕਰਦਿਆਂ ਸਰਕਲ ਗੁਰਦਾਸਪੁਰ ਦੇ ਪ੍ਰਧਾਨ ਜਗਤਾਰ ਸਿੰਘ ਖੁੰਡਾ ਵਲੋਂ  ਪੱਤਰਕਾਰਾਂ ਤੇ ਪੁਲਿਸ ਕੇਸ ਦਰਜ ਕਰਨ ਦੀ ਨਿਖੇਧੀ ਕਰਦਿਆਂ ਮਨਜਿੰਦਰ ਸਿੰਘ ਸਿੱਧੂ, ਮਿੰਟੂ ਗੁਰੂਸਰੀਆ, ਮਾਨਿਕ ਗੋਇਲ ਸਮੇਤ 10 ਪੱਤਰਕਾਰਾ ਤੇ ਆਰ.ਟੀ.ਆਈ ਕਾਰਕੁਨਾਂ ਤੇ ਲੁਧਿਆਣਾ ਪੁਲਿਸ ਵੱਲੋਂ ਦਰਜ ਕੀਤੇ ਪਰਚੇ ਦੀ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਚੁੱਕੇ ਗਏ ਕਦਮ ਹੱਕ ਸੱਚ ਦੀ ਆਵਾਜ਼ ਨੂੰ ਬੁਲੰਦ ਕਰਨ ਵਾਲੀ ਪ੍ਰੈੱਸ ਦੀ ਅਵਾਜ਼ ਤੇ ਹਮਲਾ ਹੈ । ਉਹਨਾਂ ਕਿਹਾ ਕਿ ਪੰਜਾਬ ਤੇ ਕੇਂਦਰ ਦੀ ਸਰਕਾਰ ਵੱਲੋਂ ਕਾਰਪੋਰੇਟ ਪੱਖੀ ਨੀਤੀਆਂ ਲਾਗੂ ਕਰਕੇ ਲੋਕਾਂ ਤੇ ਕੀਤੇ ਜਾ ਰਹੇ ਆਰਥਿਕ ਹੱਲਿਆਂ ਦਾ ਟਾਕਰਾ ਕਰ ਰਹੇ ਲੋਕਾਂ ਦੇ ਰੋਹ ਦੀ ਪ੍ਰੈੱਸ ਰਾਹੀਂ ਅਵਾਜ਼ ਬੁਲੰਦ ਕੀਤੀ ਜਾਂਦੀ ਹੈ ਜਿਸ ਨੂੰ ਭਗਵੰਤ ਮਾਨ ਸਰਕਾਰ ਬੰਦ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਇਹ ਸਰਕਾਰ ਦਾ ਭੂਲੇਖਾ ਹੀ ਹੈ ਹੱਕ ਸੱਚ ਦੀ ਆਵਾਜ਼ ਕਦੇ ਬੰਦ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਪੱਤਰਕਾਰ ਭਾਈਚਾਰੇ ਵੱਲੋਂ ਜੋ ਵੀ ਇਸ ਖ਼ਿਲਾਫ਼ ਪ੍ਰੋਗਰਾਮ ਉਲੀਕਿਆ ਜਾਵੇਗਾ ਦੋਵੇਂ ਜਥੇਬੰਦੀਆਂ ਵੱਲੋਂ ਵਧ ਚੜ ਕੇ ਸ਼ਮੂਲੀਅਤ ਕੀਤੀ ਜਾਵੇਗੀ।
ਕਸ਼ਮੀਰ ਸਿੰਘ ਮੰਡਲ ਕਾਦੀਆਂ ਦੇ ਸਕੱਤਰ ਨੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਸੂਬਾਈ ਆਗੂ ਮੁਕੇਸ਼ ਮਲੌਦ ਨੂੰ ਗ੍ਰਿਫਤਾਰ ਕਰਨ ਦੀ ਨਿਖੇਧੀ ਕਰਦਿਆਂ ਕਿਹਾ ਕਿ ਇੱਕ ਪਾਸੇ ਭਗਵੰਤ ਮਾਨ ਸਰਕਾਰ ਮਗਨਰੇਗਾ ਨੂੰ ਤਬਦੀਲ ਕਰਨ ਦੀ ਸਕੀਮ ਦਾ ਵਿਰੋਧ ਕਰਕੇ ਗਰੀਬ ਪੱਖੀ ਹੋਣ ਦਾ ਢੌਂਗ ਰਚ ਰਹੀ ਹੈ ਦੂਜੇ ਪਾਸੇ ਮਜ਼ਦੂਰਾ ਲਈ ਸਘੰਰਸ਼ ਕਰ ਰਹੇ ਆਗੂ ਨੂੰ 11 ਸਾਲ ਪੁਰਾਣੇ ਕੇਸ ਵਿੱਚ ਉਲਝਾਇਆ ਜਾ ਰਿਹਾ ਹੈ। ਸਰਕਾਰ ਹੱਕੀ ਸਘੰਰਸਾ ਨੂੰ ਕੁਚਲਣ ਲਈ ਆਗੂਆਂ ਨੂੰ ਜੇਲ੍ਹਾਂ ਵਿੱਚ ਬੰਦ ਕਰ ਰਹੀ ਹੈ ਤੇ ਬਾਕੀ ਆਗੂਆ ਨੂੰ ਵੀ ਜੇਲਾਂ ਵਿੱਚ ਬੰਦ ਕਰਨ ਦੀਆਂ ਸਕੀਮਾਂ ਘੜ ਰਹੀ ਹੈ। ਉਹਨਾਂ ਮੰਗ ਕੀਤੀ ਕਿ ਪੱਤਰਕਾਰਾ ਦੇ ਖਿਲਾਫ ਪੁਲਿਸ ਪਰਚਾ ਰੱਦ ਕੀਤਾ ਜਾਵੇ ਤੇ ਮਜ਼ਦੂਰ ਆਗੂ ਮੁਕੇਸ਼ ਮਲੌਦ ਨੂੰ ਬਿਨਾਂ ਸ਼ਰਤ ਰਿਹਾਅ ਕੀਤਾ ਜਾਵੇ। ਇਸ ਮੌਕੇ ਹਰਦੀਪ ਸਿੰਘ ਸੇਖੋਂ, ਪ੍ਰੇਮ ਕੁਮਾਰ, ਸਤਨਾਮ ਸਿੰਘ, ਸੂਸੀਲ ਕੁਮਾਰ, ਸ਼ਾਮਲ ਹੋਏ।

Post a Comment

© Qadian Times. All rights reserved. Distributed by ASThemesWorld