| ਮਹਿਜ਼ ਇੱਕ ਮਹੀਨਾ ਪਹਿਲਾਂ ਬਣੀ ਕਾਦੀਆਂ-ਢਪਈ ਸੜਕ ਦੀ ਟੁੱਟੀ ਹੋਈ ਹਾਲਤ ਦਾ ਦ੍ਰਿਸ਼। (ਜ਼ੀਸ਼ਾਨ) |
ਕਾਦੀਆਂ, 5 ਜਨਵਰੀ (ਜ਼ੀਸ਼ਾਨ)- ਕਾਦੀਆਂ ਤੋਂ ਪਿੰਡ ਢਪਈ ਨੂੰ ਜਾਣ ਵਾਲੀ ਸੜਕ, ਜੋ ਮਹਿਜ਼ ਇੱਕ ਮਹੀਨਾ ਪਹਿਲਾਂ ਹੀ ਤਿਆਰ ਕੀਤੀ ਗਈ ਸੀ, ਹੁਣ ਟੁੱਟਣੀ ਸ਼ੁਰੂ ਹੋ ਗਈ ਹੈ। ਸੜਕ ਦੇ ਖ਼ਰਾਬ ਹੋਣ ਨਾਲ ਨਜ਼ਦੀਕੀ ਪਿੰਡ ਵਾਸੀਆਂ ਅਤੇ ਰਾਹਗੀਰਾਂ ਵਿੱਚ ਭਾਰੀ ਰੋਸ ਹੈ ਅਤੇ ਨਿਰਮਾਣ ਦੀ ਗੁਣਵੱਤਾ 'ਤੇ ਗੰਭੀਰ ਸਵਾਲ ਖੜੇ ਹੋ ਗਏ ਹਨ।
ਸਥਾਨਕ ਲੋਕਾਂ ਨੇ ਦੱਸਿਆ ਕਿ ਲੰਮੇ ਸਮੇਂ ਤੱਕ ਸੜਕ 'ਤੇ ਡੂੰਘੇ ਟੋਏ ਰਹੇ, ਕਾਫ਼ੀ ਉਡੀਕ ਮਗਰੋਂ ਨਵੀਂ ਸੜਕ ਬਣੀ ਪਰ ਕੁਝ ਹੀ ਦਿਨਾਂ 'ਚ ਉਸਦੀ ਉਪਰਲੀ ਪਰਤ ਖੁੱਲ੍ਹਣ ਲੱਗ ਪਈ। ਕਈ ਥਾਵਾਂ 'ਤੇ ਬਜਰੀ ਖਿੱਲਰ ਗਈ ਹੈ, ਜਿਸ ਕਾਰਨ ਦੋ-ਪਹੀਆ ਵਾਹਨਾਂ ਲਈ ਆਵਾਜਾਈ ਖ਼ਤਰਨਾਕ ਬਣ ਗਈ ਹੈ ਅਤੇ ਕਈ ਵਾਰ ਮੋਟਰਸਾਈਕਲ ਸਵਾਰ ਡਿੱਗ ਕੇ ਜ਼ਖ਼ਮੀ ਵੀ ਹੋ ਚੁੱਕੇ ਹਨ।
ਰਾਹਗੀਰਾਂ ਦਾ ਕਹਿਣਾ ਹੈ ਕਿ ਇਹ ਹਾਲਤ ਘਟੀਆ ਮਟੀਰੀਅਲ, ਨਿਰਮਾਣ ਦੌਰਾਨ ਲਾਪਰਵਾਹੀ ਜਾਂ ਮਿਲੀਭਗਤ ਵੱਲ ਇਸ਼ਾਰਾ ਕਰਦੀ ਹੈ। ਲੋਕਾਂ ਨੇ ਮੰਗ ਕੀਤੀ ਹੈ ਕਿ ਸੰਬੰਧਤ ਮਹਿਕਮੇ ਦੇ ਉੱਚ ਅਧਿਕਾਰੀ ਮਾਮਲੇ ਦੀ ਤੁਰੰਤ ਜਾਂਚ ਕਰਕੇ ਦੋਸ਼ੀਆਂ ਖ਼ਿਲਾਫ਼ ਕੜੀ ਕਾਰਵਾਈ ਕਰਨ, ਤਾਂ ਜੋ ਭਵਿੱਖ ਵਿੱਚ ਐਸੀ ਖਸਤਾ ਸੜਕਾਂ ਨਾ ਬਣਨ।