| ਦਿਲਪ੍ਰੀਤ ਸਿੰਘ ਬਾਜਵਾ ਦੀ ਤਸਵੀਰ ਅਤੇ ਜਾਣਕਾਰੀ ਸਾਂਝੀ ਕਰਦੇ ਹੋਏ ਖੇਤੀਬਾੜੀ ਵਿਸਥਾਰ ਅਫਸਰ ਹਰਪ੍ਰੀਤ ਸਿੰਘ ਬੋਪਾਰਾਏ। (ਜ਼ੀਸ਼ਾਨ) |
ਕਾਦੀਆਂ, 16 ਜਨਵਰੀ (ਜ਼ੀਸ਼ਾਨ) – ਪੰਜਾਬੀ ਨੌਜਵਾਨ ਦਿਲਪ੍ਰੀਤ ਸਿੰਘ ਬਾਜਵਾ ਨੇ ਕੈਨੇਡਾ ਦੀ ਟੀ-20 ਵਰਲਡ ਕੱਪ ਟੀਮ ਦਾ ਕਪਤਾਨ ਬਣ ਕੇ ਦੇਸ਼, ਪੰਜਾਬ ਅਤੇ ਜ਼ਿਲ੍ਹਾ ਗੁਰਦਾਸਪੁਰ ਦਾ ਨਾਮ ਰੋਸ਼ਨ ਕੀਤਾ। ਕਾਦੀਆਂ ਦੇ ਖੇਤੀਬਾੜੀ ਵਿਸਥਾਰ ਅਫਸਰ ਹਰਪ੍ਰੀਤ ਸਿੰਘ ਬੋਪਾਰਾਏ ਨੇ ਦੱਸਿਆਂ ਕਿ ਉਨ੍ਹਾਂ ਦਾ ਭਤੀਜਾ ਦਿਲਪ੍ਰੀਤ ਇੱਕ ਹਰਫਨਮੌਲਾ ਖਿਡਾਰੀ ਸੀ ਜੋ ਸੱਜੇ ਹੱਥ ਦੇ ਬੱਲੇਬਾਜ਼ ਅਤੇ ਰਾਈਟ ਆਰਮ ਆਫ-ਬਰੇਕ ਸਟਾਈਲ ਦੀ ਗੇਂਦਬਾਜ਼ੀ ਕਰਦਾ ਸੀ। ਦਿਲਪ੍ਰੀਤ ਦੇ ਕੌਮਾਂਤਰੀ ਕ੍ਰਿਕਟ ਜੀਵਨ ਦੀ ਸ਼ੁਰੂਆਤ ਕੈਨੇਡਾ ਵਿੱਚ ਹੀ ਹੋਈ ਸੀ। ਦਿਲਪ੍ਰੀਤ ਨੇ ਆਪਣਾ ਪਹਿਲਾ ਟੀ-20 ਮੈਚ ਕੈਨੇਡਾ ਵੱਲੋਂ ਬਰਮੂਡਾ ਦੇ ਖਿਲਾਫ਼ ਸੈਂਡਸ ਪੈਰਿਸ਼ ਵਿੱਚ ਸਤੰਬਰ 2024 ਵਿੱਚ ਖੇਡਿਆ ਸੀ। ਦਿਲਪ੍ਰੀਤ ਸਿੰਘ ਬਾਜਵਾ ਸਾਲ 2020 ਚ ਆਪਣੀ ਮਾਂ ਹਰਲੀਨ ਕੌਰ ਪਤਨੀ ਹਰਪ੍ਰੀਤ ਸਿੰਘ ਬਾਜਵਾ ਨਾਲ ਕੈਨੇਡਾ ਚਲੇ ਗਏ ਸਨ। ਉਨ੍ਹਾਂ ਦੇ ਪਿਤਾ ਹਰਪ੍ਰੀਤ ਸਿੰਘ ਜੋ ਪਹਿਲਾ ਪੰਜਾਬ ਖੇਤੀਬਾੜੀ ਵਿਭਾਗ ਵਿੱਚ ਮੁਲਾਜ਼ਮ ਸਨ, ਉਹ ਵੀ ਸਾਲ 2010 ਵਿੱਚ ਕੈਨੇਡਾ ਚੱਲੇ ਗਏ ਸਨ ।
ਖੇਤੀਬਾੜੀ ਵਿਸਥਾਰ ਅਫਸਰ ਹਰਪ੍ਰੀਤ ਸਿੰਘ ਬੋਪਾਰਾਏ ਨੇ ਇਸਨੂੰ ਪੰਜਾਬ ਲਈ ਮਾਣ ਦੀ ਗੱਲ ਦੱਸਦਿਆਂ ਕਿਹਾ ਕਿ ਇਹ ਦਿਲਪ੍ਰੀਤ ਦੀ ਮਿਹਨਤ, ਹੌਂਸਲੇ ਅਤੇ ਕਾਬਲੀਅਤ ਦਾ ਨਤੀਜਾ ਹੈ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਖੇਡਾਂ ਅਤੇ ਹੋਰ ਖੇਤਰਾਂ ਵਿੱਚ ਮਿਹਨਤ ਕਰਕੇ ਦਿਲਪ੍ਰੀਤ ਵਾਂਗ ਆਪਣਾ ਅਤੇ ਆਪਣੇ ਪਰਿਵਾਰ ਦਾ ਨਾਮ ਰੋਸ਼ਨ ਕਰਨ। ਅੰਤ ਵਿੱਚ ਦਿਲਪ੍ਰੀਤ ਸਿੰਘ ਬਾਜਵਾ, ਉਨ੍ਹਾਂ ਦੇ ਪਿਤਾ ਹਰਪ੍ਰੀਤ ਸਿੰਘ ਬਾਜਵਾ ਅਤੇ ਸਮੁੱਚੇ ਪਰਿਵਾਰ ਨੂੰ ਵਧਾਈ ਦਿੱਤੀ।