| ਕਾਦੀਆਂ ਵਿੱਚ ਭਾਜਪਾ ਮਹਿਲਾ ਵਿੰਗ ਦੀ ਜ਼ਿਲ੍ਹਾ ਮੀਤ ਪ੍ਰਧਾਨ ਕੁਲਵਿੰਦਰ ਕੌਰ ਗੋਰਾਇਆ, ਸਾਬਕਾ ਮੰਡਲ ਪ੍ਰਧਾਨ ਜੋਗਿੰਦਰ ਪਾਲ ਭੁੱਟੋ ਅਤੇ ਮੌਜੂਦਾ ਮੰਡਲ ਪ੍ਰਧਾਨ ਗੁਲਸ਼ਨ ਵਰਮਾ ਜਾਣਕਾਰੀ ਦਿੰਦਿਆਂ। (ਜ਼ੀਸ਼ਾਨ) |
ਕਾਦੀਆਂ, 5 ਜਨਵਰੀ (ਜ਼ੀਸ਼ਾਨ) – ਸ਼ਹਿਰ ਵਿੱਚ ਰਾਤ ਦੇ ਸਮੇਂ ਪੁਲਿਸ ਨਾਕੇ ਨਾ ਲਗਣ ਅਤੇ ਨਸ਼ੇ ਦੀ ਵਧਦੀ ਵਿਕਰੀ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਨੇ ਕੜਾ ਰੋਸ ਜਤਾਇਆ ਹੈ। ਭਾਜਪਾ ਮਹਿਲਾ ਵਿੰਗ ਦੀ ਜ਼ਿਲ੍ਹਾ ਉਪ ਪ੍ਰਧਾਨ ਕੁਲਵਿੰਦਰ ਕੌਰ ਗੋਰਾਇਆ, ਸਾਬਕ ਮੰਡਲ ਪ੍ਰਧਾਨ ਜੋਗਿੰਦਰ ਪਾਲ ਭੁੱਟੋ ਅਤੇ ਮੌਜੂਦਾ ਮੰਡਲ ਪ੍ਰਧਾਨ ਗੁਲਸ਼ਨ ਵਰਮਾ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਰਾਤ ਦੇ ਵੇਲੇ ਪੁਲਿਸ ਦੀ ਮੌਜੂਦਗੀ ਨਾ ਹੋਣ ਕਾਰਨ ਸ਼ਰਾਰਤੀ ਅਤੇ ਗੁੰਡਾ ਤੱਤਾਂ ਦਾ ਖੌਫ਼ ਵਧ ਗਿਆ ਹੈ, ਜਿਸ ਨਾਲ ਆਮ ਲੋਕਾਂ ਲਈ ਘਰੋਂ ਬਾਹਰ ਨਿਕਲਣਾ ਮੁਸ਼ਕਲ ਹੋ ਗਿਆ ਹੈ।
ਉਨ੍ਹਾਂ ਕਿਹਾ ਕਿ ਵਿਆਹ-ਸਮਾਰੋਹਾਂ ਤੋਂ ਵਾਪਸੀ ਸਮੇਂ ਸ਼ਹਿਰ ਦੇ ਚੌਰਾਹਿਆਂ 'ਤੇ ਪੁਲਿਸ ਕਰਮਚਾਰੀ ਨਜ਼ਰ ਨਹੀਂ ਆਉਂਦੇ, ਜਿਸ ਨਾਲ ਲੁੱਟਪਾਟ ਦਾ ਡਰ ਬਣਿਆ ਰਹਿੰਦਾ ਹੈ। ਨਾਲ ਹੀ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਨਸ਼ੇ ਦੀ ਸਪਲਾਈ ਧੜੱਲੇ ਨਾਲ ਜਾਰੀ ਹੈ, ਪਰ ਪੁਲਿਸ ਕਾਰਵਾਈ ਨਾਕਾਫੀ ਦਿਖਾਈ ਦੇ ਰਹੀ ਹੈ। ਨੇਤਾਵਾਂ ਨੇ ਦੋਸ਼ ਲਗਾਇਆ ਕਿ ਇਸ ਨਾਲ ਨਸ਼ੇ 'ਤੇ ਕਾਬੂ ਪਾਉਣ ਵਿੱਚ ਸਰਕਾਰ ਦੀ ਨਾਕਾਮੀ ਸਾਹਮਣੇ ਆਉਂਦੀ ਹੈ।
ਭਾਜਪਾ ਆਗੂਆਂ ਨੇ ਮੰਗ ਕੀਤੀ ਕਿ ਰਾਤ ਦੇ ਸਮੇਂ ਪੁਲਿਸ ਨਾਕੇ ਲਗਾਏ ਜਾਣ, ਗਸ਼ਤ ਵਧਾਈ ਜਾਵੇ ਅਤੇ ਨਸ਼ਾ ਤਸਕਰਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਚੇਤਾਵਨੀ ਦਿੱਤੀ ਗਈ ਕਿ ਜੇ ਹਾਲਾਤਾਂ ਵਿੱਚ ਸੁਧਾਰ ਨਾ ਆਇਆ ਤਾਂ ਭਾਜਪਾ ਕਾਦੀਆਂ ਵਿੱਚ ਪੁਲਿਸ ਪ੍ਰਸ਼ਾਸਨ ਦੇ ਖਿਲਾਫ਼ ਰੋਸ ਪ੍ਰਦਰਸ਼ਨ ਕਰੇਗੀ।
ਇਸ ਸਬੰਧੀ ਡੀਐੱਸਪੀ ਹਰੀਸ਼ ਬਹਿਲ ਨੇ ਕਿਹਾ ਕਿ ਸ਼ਹਿਰ ਦੇ ਕਈ ਸਥਾਨਾਂ 'ਤੇ ਨਾਕੇ ਲਗਾਏ ਜਾਂਦੇ ਹਨ ਅਤੇ ਨਸ਼ਾ ਕਾਰੋਬਾਰੀਆਂ ਖਿਲਾਫ਼ ਕਾਰਵਾਈ ਲਈ ਪੱਕੇ ਸਬੂਤ ਮੌਜੂਦ ਹਨ।