![]() |
| ਕਾਦੀਆਂ ਨਗਰ ਕੌਂਸਲ ਦੇ ਨਵੇਂ ਪ੍ਰਧਾਨ ਪਲਵਿੰਦਰ ਕੌਰ, ਮੀਤ ਪ੍ਰਧਾਨ ਗੁਰਦਿਲਬਾਗ ਸਿੰਘ (ਨੀਟਾ) ਮਾਹਲ ਨੂੰ ਹਾਰ ਪਾਕੇ ਜਿੱਤ ਦਾ ਜਸ਼ਨ ਮਨਾਉਂਦੇ ਗੁਰਇਕਬਾਲ ਸਿੰਘ ਮਾਹਲ, ਵਿਧਾਇਕ ਸ਼ੈਰੀ ਕਲਸੀ ਆਦਿ। (ਜ਼ੀਸ਼ਾਨ) |
ਕਾਦੀਆਂ, 16 ਜੁਲਾਈ (ਜ਼ੀਸ਼ਾਨ): ਕਾਦੀਆਂ ਨਗਰ ਕੌਂਸਲ ਦੇ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਚੋਣ ਦੌਰਾਨ ਆਮ ਆਦਮੀ ਪਾਰਟੀ ਦੀ ਪਲਵਿੰਦਰ ਕੌਰ ਨੂੰ ਸਰਬਸੰਮਤੀ ਨਾਲ ਪ੍ਰਧਾਨ ਅਤੇ ਗੁਰਦਿਲਬਾਗ ਸਿੰਘ (ਨੀਟਾ) ਮਾਹਲ ਨੂੰ ਮੀਤ ਪ੍ਰਧਾਨ ਚੁਣਿਆ ਗਿਆ। ਚੋਣ ਪ੍ਰਕਿਰਿਆ ਐਸ.ਡੀ.ਐਮ. ਬਟਾਲਾ ਸਾਰੰਗ ਪ੍ਰੀਤ ਸਿੰਘ, ਤਹਿਸੀਲਦਾਰ ਅਰਜੁਨ ਸਿੰਘ ਅਤੇ ਪੰਜਾਬ-ਹਰਿਆਣਾ ਹਾਈ ਕੋਰਟ ਵੱਲੋਂ ਨਿਯੁਕਤ ਅਬਜ਼ਰਵਰ ਕ੍ਰਿਤੀ ਦੀ ਨਿਗਰਾਨੀ ਹੇਠ ਸੰਪੰਨ ਹੋਈ। ਚੋਣ ਵਿੱਚ 8 ਕੌਂਸਲਰਾਂ ਦੇ ਸਮਰਥਨ ਨਾਲ ਪ੍ਰਕਿਰਿਆ ਪੂਰੀ ਕੀਤੀ ਗਈ।
ਇਸ ਮੌਕੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਗੁਰਇਕਬਾਲ ਸਿੰਘ ਮਾਹਲ, ਬਟਾਲਾ ਦੇ ਵਿਧਾਇਕ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ, ਜੋਬਨ ਰੰਧਾਵਾ, ਪਾਰਟੀ ਆਗੂ, ਕੌਂਸਲਰ ਅਤੇ ਵੱਡੀ ਗਿਣਤੀ ਵਿੱਚ ਸਮਰਥਕ ਹਾਜ਼ਰ ਰਹੇ।
ਗੁਰਇਕਬਾਲ ਸਿੰਘ ਮਾਹਲ ਨੇ ਕਿਹਾ ਕਿ ਕਾਦੀਆਂ ਦੇ ਵਿਕਾਸ ਕਾਰਜਾਂ ਨੂੰ ਪਹਿਲ ਦੇ ਆਧਾਰ 'ਤੇ ਕਰਵਾਇਆ ਜਾਵੇਗਾ ਅਤੇ ਸ਼ਹਿਰ ਦੀਆਂ ਗਲੀਆਂ, ਨਾਲੀਆਂ ਅਤੇ ਸੜਕਾਂ ਸਮੇਤ ਲੋਕਾਂ ਦੀਆਂ ਮੁੱਖ ਸਮੱਸਿਆਵਾਂ ਦਾ ਜਲਦੀ ਹੱਲ ਕੀਤਾ ਜਾਵੇਗਾ। ਵਿਧਾਇਕ ਸ਼ੈਰੀ ਕਲਸੀ ਨੇ ਨਵੀਂ ਟੀਮ ਨੂੰ ਵਧਾਈ ਦਿੰਦਿਆਂ ਹਰ ਸੰਭਵ ਸਹਿਯੋਗ ਦਾ ਭਰੋਸਾ ਦਿੱਤਾ।
ਨਵ-ਨਿਯੁਕਤ ਪ੍ਰਧਾਨ ਪਲਵਿੰਦਰ ਕੌਰ ਨੇ ਕਿਹਾ ਕਿ ਉਹ ਸ਼ਹਿਰ ਦੇ ਵਿਕਾਸ ਅਤੇ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਤਰਜੀਹ ਦੇ ਆਧਾਰ 'ਤੇ ਕੰਮ ਕਰਨਗੇ।
ਮੀਤ ਪ੍ਰਧਾਨ ਗੁਰਦਿਲਬਾਗ ਸਿੰਘ (ਨੀਟਾ) ਮਾਹਲ ਨੇ ਕਿਹਾ ਕਿ ਉਹ ਆਪਣੇ ਦਾਦਾ ਜਥੇਦਾਰ ਜਰਨੈਲ ਸਿੰਘ ਮਾਹਲ ਦੀ ਤਰ੍ਹਾਂ ਸ਼ਹਿਰ ਦੀ ਸਫ਼ਾਈ ਅਤੇ ਵਿਕਾਸ ਲਈ ਪੂਰੀ ਨਿਸ਼ਠਾ ਨਾਲ ਕੰਮ ਕਰਨਗੇ।
