| ਗੁਰਮਤਿ ਸਿਖਲਾਈ ਕੈਂਪ ਦੌਰਾਨ ਬੱਚਿਆਂ ਨੂੰ ਸਨਮਾਨਿਤ ਕਰਦੇ ਹੋਏ ਪ੍ਰਬੰਧਕ ਕਮੇਟੀ। (ਜ਼ੀਸ਼ਾਨ) |
ਕਾਦੀਆਂ, 5 ਜਨਵਰੀ (ਜ਼ੀਸ਼ਾਨ) – ਗੁਰਦੁਆਰਾ ਜਨਮ ਅਸਥਾਨ ਬਾਬਾ ਰਾਮ ਥੰਮਣ ਸਾਹਿਬ ਜੀ ਪਿੰਡ ਖੁਜਾਲਾ ਵਿਖੇ ਸਮੂਹ ਪ੍ਰਬੰਧਕ ਕਮੇਟੀ ਦੇ ਸਹਿਯੋਗ ਦੇ ਨਾਲ 24 ਦਸੰਬਰ ਤੋਂ ਲੈਕੇ 4 ਜਨਵਰੀ ਤਕ ਗੁਰਮਤਿ ਸਿਖਲਾਈ ਕੈਂਪ ਕਰਵਾਇਆ ਗਿਆ। ਇਸ ਕੈਂਪ ਦੇ ਵਿੱਚ 40 ਬੱਚਿਆਂ ਦੇ ਵੱਲੋਂ ਭਾਗ ਲਿਆ ਗਿਆ ਅਤੇ ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਬੱਚਿਆਂ ਨੂੰ ਸਰਟੀਫਿਕੇਟ ਅਤੇ ਮੈਡਲ ਦੇ ਕੇ ਉਹਨਾਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ ਅਤੇ ਬੱਚਿਆਂ ਦੀ ਹੌਸਲਾ ਅਫਜਾਈ ਕੀਤੀ ਗਈ। ਇਸ ਕੈਂਪ ਦੇ ਵਿੱਚ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਜੋੜਿਆ ਗਿਆ ਅਤੇ ਸਿੱਖੀ ਸਿਧਾਂਤਾਂ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਨਾਲ ਹੀ ਬੱਚਿਆਂ ਦੇ ਕੋਲੋਂ ਗੁਰਬਾਣੀ ਸਬੰਧੀ ਸਵਾਲ ਜਵਾਬ ਕੀਤੇ ਗਏ। ਇਸ ਮੌਕੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਵੱਲੋਂ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਜੋੜਨ ਦੇ ਨਾਲ ਨਾਲ ਬੱਚਿਆਂ ਨੂੰ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣਨ ਦੇ ਲਈ ਵੀ ਪ੍ਰੇਰਿਤ ਕੀਤਾ ਗਿਆ। ਉਹਨਾਂ ਨੇ ਬੱਚਿਆਂ ਨੂੰ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਸਿੱਖੀ ਨਾਲ ਜੁੜ ਕੇ ਆਪਣੇ ਗੁਰੂਆਂ ਵੱਲੋਂ ਦਿੱਤੇ ਹੋਏ ਮਾਰਗਦਰਸ਼ਨ ਤੇ ਚੱਲੀਏ ਅਤੇ ਵੱਧ ਤੋਂ ਵੱਧ ਗੁਰੂ ਵਾਲੇ ਬਣੀਏ ।