ਬਟਾਲਾ ਪੁਲਿਸ ਦਾ ਨਵੇਂ ਸਾਲ ਦਾ ਤੋਹਫ਼ਾ: 350 ਗੁੰਮਸ਼ੁਦਾ ਮੋਬਾਇਲ ਫੋਨ ਅਸਲੀ ਮਾਲਕਾਂ ਨੂੰ ਸੌਂਪੇ

ਬਟਾਲਾ ਪੁਲਿਸ ਵੱਲੋਂ ਬਰਾਮਦ ਗੁੰਮਸ਼ੁਦਾ ਮੋਬਾਇਲ ਫੋਨ ਅਸਲੀ ਮਾਲਕਾਂ ਨੂੰ ਸੌਂਪਦੇ ਪੁਲਿਸ ਅਧਿਕਾਰੀ। (ਜ਼ੀਸ਼ਾਨ)

ਕਾਦੀਆਂ, 2 ਜਨਵਰੀ (ਜ਼ੀਸ਼ਾਨ) – ਨਵੇਂ ਸਾਲ ਦੇ ਮੌਕੇ ਬਟਾਲਾ ਪੁਲਿਸ ਨੇ ਲੋਕਾਂ ਨੂੰ ਵੱਡੀ ਰਾਹਤ ਦਿੰਦਿਆਂ ਗੁੰਮ ਹੋਏ ਮੋਬਾਇਲ ਫੋਨ ਅਸਲੀ ਮਾਲਕਾਂ ਨੂੰ ਵਾਪਸ ਸੌਂਪੇ। ਐਸਐਸਪੀ ਡਾ. ਮਹਿਤਾਬ ਸਿੰਘ ਦੀ ਅਗਵਾਈ ਹੇਠ ਚੱਲ ਰਹੀ ਵਿਸ਼ੇਸ਼ ਮੁਹਿੰਮ "ਹੋਕਾ: ਤੁਹਾਡਾ ਗੁੰਮ ਹੋਇਆ ਮੋਬਾਇਲ ਫੋਨ ਲੱਭਣ ਦਾ ਮੌਕਾ" ਤਹਿਤ ਕਰਵਾਏ ਗਏ ਛੇਵੇਂ ਸੈਮੀਨਾਰ ਦੌਰਾਨ ਕਰੀਬ 60 ਲੱਖ ਰੁਪਏ ਦੀ ਕੀਮਤ ਦੇ 350 ਮੋਬਾਇਲ ਫੋਨ ਵਾਪਸ ਕੀਤੇ ਗਏ।
ਇਹ ਸਮਾਗਮ ਬਟਾਲਾ ਦੇ ਸ਼ਿਵ ਕੁਮਾਰ ਬਟਾਲਵੀ ਕਲਾ ਤੇ ਸੱਭਿਆਚਾਰਕ ਕੇਂਦਰ ਵਿੱਚ ਆਯੋਜਿਤ ਕੀਤਾ ਗਿਆ। ਡਾ. ਮਹਿਤਾਬ ਸਿੰਘ ਨੇ ਦੱਸਿਆ ਕਿ ਬਟਾਲਾ ਪੁਲਿਸ ਅਤੇ ਸਾਈਬਰ ਕਰਾਈਮ ਥਾਣੇ ਨੂੰ ਮਿਲੀਆਂ ਸ਼ਿਕਾਇਤਾਂ 'ਤੇ ਤੁਰੰਤ ਕਾਰਵਾਈ ਕਰਦਿਆਂ ਮੋਬਾਇਲ ਫੋਨ ਟ੍ਰੇਸ ਕੀਤੇ ਜਾ ਰਹੇ ਹਨ। ਪਿਛਲੇ ਇੱਕ ਸਾਲ ਵਿੱਚ ਪੁਲਿਸ ਨੇ ਹੁਣ ਤੱਕ ਕਰੀਬ 1350 ਮੋਬਾਇਲ ਫੋਨ, ਜਿਨ੍ਹਾਂ ਦੀ ਕੁੱਲ ਕੀਮਤ ਲਗਭਗ 2 ਕਰੋੜ 60 ਲੱਖ ਰੁਪਏ ਹੈ, ਅਸਲੀ ਮਾਲਕਾਂ ਤੱਕ ਪਹੁੰਚਾਏ ਹਨ।
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਮੋਬਾਇਲ ਗੁੰਮ ਹੋਣ 'ਤੇ ਤੁਰੰਤ ਨਜ਼ਦੀਕੀ ਪੁਲਿਸ ਸੰਪਰਕ ਕੇਂਦਰ ਜਾਂ ਸਾਈਬਰ ਕਰਾਈਮ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਉਣ। ਮੋਬਾਇਲ ਮੁੜ ਮਿਲਣ 'ਤੇ ਲੋਕਾਂ ਨੇ ਖੁਸ਼ੀ ਜਤਾਈ ਅਤੇ ਪੁਲਿਸ ਦੀ ਇਸ ਪਹਲ ਦੀ ਸਰਾਹਨਾ ਕੀਤੀ।
ਇਸ ਮੌਕੇ ਡੀਐਸਪੀ ਕੇ.ਐਲ. ਸਲੋਤਰਾ, ਜਾਂਚ ਅਧਿਕਾਰੀ ਸੰਦੀਪ ਵਡੇਰਾ, ਸਾਈਬਰ ਸੈੱਲ ਇੰਚਾਰਜ ਇੰਸਪੈਕਟਰ ਸੁਖਰਾਜ ਸਿੰਘ ਅਤੇ ਇੰਸਪੈਕਟਰ ਅਨਿਲ ਪਵਾਰ ਵੀ ਮੌਜੂਦ ਸਨ।


Post a Comment

© Qadian Times. All rights reserved. Distributed by ASThemesWorld