| ਪਿੰਡ ਨਾਨੋਵਾਲ ਖੁਰਦ ਵਿਖੇ ਮਹਾਨ ਤਪਸਵੀ ਸੰਤ ਬਾਬਾ ਲਾਲ ਸਿੰਘ ਕੁੱਲੀ ਵਾਲਿਆਂ ਦੀ ਬਰਸੀ ਦੇ ਦ੍ਰਿਸ਼। (ਜ਼ੀਸ਼ਾਨ) |
ਕਾਦੀਆਂ, 15 ਜਨਵਰੀ (ਜ਼ੀਸ਼ਾਨ) – ਪਿੰਡ ਨਾਨੋਵਾਲ ਖੁਰਦ ਵਿਖੇ ਮਹਾਨ ਤਪਸਵੀ ਸੰਤ ਬਾਬਾ ਲਾਲ ਸਿੰਘ ਜੀ ਕੁੱਲੀ ਵਾਲਿਆਂ ਦੀ 24ਵੀਂ ਬਰਸੀ ਵੱਡੀ ਸ਼ਰਧਾ ਭਾਵਨਾ ਨਾਲ ਮਨਾਈ ਗਈ। ਇਸ ਮੌਕੇ ਧਾਰਮਿਕ ਦੀਵਾਨ ਸਜੇ, ਜਿੱਥੇ ਕੀਰਤਨੀ, ਢਾਡੀ ਅਤੇ ਕਵਿਸਰੀ ਜਥਿਆਂ ਨੇ ਗੁਰਬਾਣੀ ਕੀਰਤਨ ਅਤੇ ਗੁਰੂ ਇਤਿਹਾਸ ਰਾਹੀਂ ਸੰਗਤ ਨੂੰ ਨਿਹਾਲ ਕੀਤਾ।
ਸੰਤ ਬਾਬਾ ਰਾਜਿੰਦਰ ਸਿੰਘ ਮੇਹੜੇ ਵਾਲਿਆਂ ਨੇ ਸੰਤ ਬਾਬਾ ਲਾਲ ਸਿੰਘ ਜੀ ਦੇ ਜੀਵਨ ਤੋਂ ਪ੍ਰੇਰਣਾ ਲੈਂਦਿਆਂ ਨਾਮ ਸਿਮਰਨ ਅਤੇ ਮਨੁੱਖਤਾ ਦੀ ਸੇਵਾ 'ਤੇ ਜ਼ੋਰ ਦਿੱਤਾ। ਇਲਾਕੇ ਭਰ ਤੋਂ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ ਅਤੇ ਫਲ-ਫਰੂਟ, ਗੰਨੇ ਦੇ ਰਸ, ਦੁੱਧ ਸਮੇਤ ਵੱਖ-ਵੱਖ ਲੰਗਰ ਵਰਤਾਏ ਗਏ।
ਇਸ ਸਬੰਧੀ ਸੇਵਾਦਾਰ ਕੁਲਦੀਪ ਸਿੰਘ ਨੇ ਦੱਸਿਆ ਕਿ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਖੁੱਲੇ ਪੰਡਾਲ ਵਿੱਚ ਧਾਰਮਿਕ ਸਮਾਗਮ ਕਰਵਾਏ ਗਏ। ਸਟੇਜ ਦੀ ਸੇਵਾ ਪ੍ਰੋਫੈਸਰ ਕਵਲਜੀਤ ਸਿੰਘ ਨੇ ਨਿਭਾਈ।