| ਕਾਦੀਆਂ ਵਿੱਚ ਅਹਿਮਦੀਆ ਜਲਸਾ ਸਲਾਨਾ ਦੇ ਦੂਜੇ ਦਿਨ ਵੱਖ-ਵੱਖ ਧਰਮਾਂ ਅਤੇ ਰਾਜਨੀਤਿਕ ਪਾਰਟੀਆਂ ਦੇ ਵਕਤਾ ਸੰਬੋਧਨ ਕਰਦੇ ਹੋਏ ਅਤੇ ਕੜੀ ਠੰਢ ਤੇ ਘਣੇ ਕੋਹਰੇ ਵਿੱਚ ਬੈਠੇ ਵੱਖ-ਵੱਖ ਧਰਮਾਂ ਦੇ ਸ਼ਰਧਾਲੂ। (ਜ਼ੀਸ਼ਾਨ) |
ਕਾਦੀਆਂ, 27 ਦਸੰਬਰ (ਜ਼ੀਸ਼ਾਨ) – ਕਾਦੀਆਂ ਵਿੱਚ ਜਾਰੀ ਅਹਿਮਦੀਆ ਮੁਸਲਿਮ ਜਮਾਤ ਦੇ 130ਵੇਂ ਅੰਤਰਰਾਸ਼ਟਰੀ ਜਲਸਾ ਸਲਾਨਾ ਦੇ ਦੂਜੇ ਦਿਨ ਵੱਖ-ਵੱਖ ਧਰਮਾਂ ਦੇ ਵਕਤਾਵਾਂ ਨੇ ਵਿਸ਼ਵ ਅਮਨ, ਪਰਿਵਾਰਕ ਸੁਧਾਰ, ਦਾਵਤ-ਇਲੱਲਾਹ ਅਤੇ ਖ਼ਿਲਾਫ਼ਤ ਨਾਲ ਜੁੜਾਅ 'ਤੇ ਜ਼ੋਰ ਦਿੱਤਾ। ਪਹਿਲੇ ਸੈਸ਼ਨ ਦੀ ਪ੍ਰਧਾਨਗੀ ਮੁਨੀਰ ਅਹਿਮਦ ਹਾਫ਼ਿਜ਼ਆਬਾਦੀ ਅਤੇ ਦੂਜੇ ਸੈਸ਼ਨ ਦੀ ਪ੍ਰਧਾਨਗੀ ਸੈਯਦ ਤਨਵੀਰ ਅਹਿਮਦ ਐਡਵੋਕੇਟ ਨੇ ਕੀਤੀ।
ਮੌਲਾਨਾ ਸ਼ਮੀਮ ਅਹਿਮਦ ਗੌਰੀ ਨੇ ਮੁਹੰਮਦ ਸਾਹਿਬ ਦੀਆਂ ਸਿੱਖਿਆਵਾਂ ਦਿੱਤੀਆਂ ਕੁਰਬਾਨੀਆਂ ਨੂੰ ਯਾਦ ਕਰਦਿਆਂ ਈਮਾਨ, ਸਬਰ ਦੀ ਅਪੀਲ ਕੀਤੀ। ਮੌਲਾਨਾ ਮੁਜ਼ੱਫ਼ਰ ਅਹਿਮਦ ਨਾਸਿਰ ਨੇ ਇਸਲਾਮੀ ਤਾਲੀਮਾਤਾਂ ਦੀ ਰੌਸ਼ਨੀ ਵਿੱਚ ਪਰਿਵਾਰਕ ਜੀਵਨ ਸੁਧਾਰਨ 'ਤੇ ਬੋਲਿਆ। ਮੌਲਾਨਾ ਨਾਸਿਰ ਅਹਿਮਦ ਨੇ ਦਾਵਤ-ਇਲੱਲਾਹ ਨੂੰ ਮੌਜੂਦਾ ਵਿਸ਼ਵ ਸੰਕਟਾਂ ਦਾ ਹੱਲ ਦੱਸਿਆ। ਮੌਲਾਨਾ ਅਤਾ-ਉਲ-ਮੁਜੀਬ ਲੋਨ ਨੇ ਖ਼ਿਲਾਫ਼ਤ ਅਹਿਮਦੀਆ ਨਾਲ ਮਜ਼ਬੂਤ ਜੁੜਾਅ ਨੂੰ ਰੂਹਾਨੀ ਤਰੱਕੀ ਦੀ ਕੁੰਜੀ ਕਰਾਰ ਦਿੱਤਾ, ਜਦਕਿ ਗਿਆਨੀ ਮੁਬਸ਼ਿਰ ਅਹਿਮਦ ਖ਼ਾਦਿਮ ਨੇ "ਸਭ ਨਾਲ ਪਿਆਰ, ਕਿਸੇ ਨਾਲ ਨਫ਼ਰਤ ਨਹੀਂ" ਦੇ ਸੰਦੇਸ਼ ਨੂੰ ਮਨੁੱਖਤਾ ਤੇ ਅਮਨ ਦੀ ਨੀਂਹ ਦੱਸਿਆ।
ਇਸ ਮੌਕੇ ਮਹਿਮਾਨਾਂ ਵਜੋਂ ਸ਼੍ਰੀਮਤੀ ਆਰਤੀ ਦੇਵਾ ਜੀ ਮਹਾਰਾਜ ਪਰਮ ਸੰਤ ਅਦਵੈਤ ਸਰੂਪ (ਅੰਮ੍ਰਿਤਸਰ), ਸਵਾਮੀ ਡਾ. ਸਤਪ੍ਰੀਤ ਹਰੀ ਜੀ, ਮਰਜ਼ਬਾਨ ਨਾਰੀਮਨ ਜ਼ਾਈਵੱਲਾ ਟਰੱਸਟ ਪਾਰਸੀ ਦਿੱਲੀ, ਸ਼੍ਰੀ ਗੁਰੂ ਨਾਨਕ ਦੇਵ ਜੀ ਦੀ 16ਵੀਂ ਸੰਤਾਨ ਬਾਬਾ ਸੁਖਦੇਵ ਸਿੰਘ ਬੇਦੀ, ਬਾਬਾ ਲੋਕਦੀਪ ਸਿੰਘ ਘੁੰਮਣ, ਭਾਈ ਕਨ੍ਹੱਈਆ ਟਰੱਸਟ ਦੇ ਸੰਤ ਬਾਬਾ ਗੁਰਪ੍ਰੀਤ ਸਿੰਘ (ਲੁਧਿਆਣਾ), ਸਵਾਮੀ ਡਾ. ਸੁਖਪ੍ਰੀਤ ਸਿੰਘ ਹਰੀ, ਬਾਬਾ ਸੰਤੋਖ ਸਿੰਘ ਕਾਰਸੇਵਾ ਵਾਲੇ, ਡਾ. ਸ਼ਹਬਾਜ਼ ਸਿੰਘ ਚੀਮਾ ਅਤੇ ਜਗਰੂਪ ਸਿੰਘ ਸੇਖਵਾਂ (ਆਪ ਹਲਕਾ ਇੰਚਾਰਜ ਕਾਦੀਆਂ) ਨੇ ਆਪਣੇ-ਆਪਣੇ ਧਰਮਾਂ ਅਨੁਸਾਰ ਪ੍ਰੇਮ, ਸਾਂਝ, ਭਾਈਚਾਰੇ ਅਤੇ ਅਮਨ-ਸ਼ਾਂਤੀ ਦਾ ਸੰਦੇਸ਼ ਦਿੱਤਾ।