ਕਾਦੀਆਂ, 24 ਦਸੰਬਰ (ਜ਼ੀਸ਼ਾਨ)- ਇਰਾਦੇ ਅਟੱਲ ਹੋਣ ਤਾਂ ਸਫ਼ਲਤਾ ਕਦਮ ਚੁੰਮਦੀ ਹੈ। ਇਸੇ ਗੱਲ ਨੂੰ ਸੱਚ ਕਰ ਵਿਖਾਇਆ ਹੈ ਪਿੰਡ ਭੈਣੀ ਬਾਂਗਰ ਦੀ ਉਭਰਦੇ ਕਬੱਡੀ ਖਿਡਾਰੀ ਫਹੀਮ ਅਹਿਮਦ ਉਰਫ਼ ਖਾਨ ਭੈਣੀਆਂ ਵਾਲੇ ਨੇ। ਮੁੱਲਾਂਵਾਲ (ਗੁਰਦਾਸਪੁਰ) ਵਿਖੇ ਕਰਵਾਏ ਗਏ 16ਵੇਂ ਸਾਲਾਨਾ ਕਬੱਡੀ ਕੱਪ ਵਿੱਚ ਖਾਨ ਨੇ ਆਪਣੀ ਚੀਤੇ ਵਰਗੀ ਫੁਰਤੀ ਅਤੇ ਮਜ਼ਬੂਤ ਡਿਫੈਂਸ ਨਾਲ ਸਭ ਦੇ ਦਿਲ ਜਿੱਤ ਲਏ।
ਆਪਣੀ ਸ਼ਾਨਦਾਰ ਖੇਡ ਸਦਕਾ ਖਾਨ ਨੇ ਟੂਰਨਾਮੈਂਟ ਦੇ 'ਬੈਸਟ ਜੱਫ਼ੀ' ਵਾਲੇ ਖਿਡਾਰੀ ਹੋਣ ਦਾ ਮਾਣ ਹਾਸਲ ਕੀਤਾ। ਪ੍ਰਬੰਧਕਾਂ ਵੱਲੋਂ ਉਨ੍ਹਾਂ ਦੀ ਬਿਹਤਰੀਨ ਕਾਰਗੁਜ਼ਾਰੀ ਲਈ ਉਨ੍ਹਾਂ ਨੂੰ ਖੇਡਾਂ ਦੇ ਵੱਡੇ ਇਨਾਮ 'ਟਰੈਕਟਰ' ਨਾਲ ਸਨਮਾਨਿਤ ਕੀਤਾ ਗਿਆ।
ਖਾਨ ਪਹਿਲਾਂ ਵੀ ਨਿਊਜ਼ੀਲੈਂਡ ਵਰਗੇ ਦੇਸ਼ਾਂ ਵਿੱਚ ਖੇਡ ਕੇ ਭਾਰਤ ਅਤੇ ਇਲਾਕੇ ਵਿੱਚ ਪਿੰਡ ਦਾ ਨਾਮ ਰੌਸ਼ਨ ਕਰ ਚੁਕਾ ਹੈ
ਖਾਨ ਭੈਣੀਆਂ ਨੇ ਆਪਣੀ ਇਸ ਜਿੱਤ ਦਾ ਸਿਹਰਾ ਆਪਣੇ ਕੋਚ ਦੀ ਮਿਹਨਤ, ਪਰਿਵਾਰ ਦੇ ਸਹਿਯੋਗ ਅਤੇ ਆਪਣੀ ਸਖ਼ਤ ਟ੍ਰੇਨਿੰਗ ਨੂੰ ਦਿੱਤਾ ਹੈ। ਉਨ੍ਹਾਂ ਦਾ ਅਗਲਾ ਸੁਪਨਾ ਭਾਰਤ ਦੀ ਨੁਮਾਇੰਦਗੀ ਕਰਦੇ ਹੋਏ ਵਿਸ਼ਵ ਪੱਧਰ 'ਤੇ ਦੇਸ਼ ਦਾ ਝੰਡਾ ਲਹਿਰਾਉਣਾ ਹੈ।
ਖਾਨ ਭੈਣੀਆਂ ਦਾ ਨੌਜਵਾਨਾਂ ਨੂੰ ਸੁਨੇਹਾ ਹੈ ਕਿ ਪੰਜਾਬ ਦੇ ਕੁੱਝ ਨੌਜਵਾਨ ਜੋ ਆਪਣੀ ਜਵਾਨੀ ਨਸ਼ੇ ਚ ਗਾਲ੍ਹ ਰਹੇ ਹਨ ਮਿਹਨਤ ਅਤੇ ਲਗਨ ਨਾਲ ਉਹ ਕੋਈ ਵੀ ਮੁਕਾਮ ਹਾਸਲ ਕਰ ਸਕਦੇ ਹਨ।
