| ਕਾਦੀਆਂ ਦੇ ਸੇਂਟ ਜੋਸਫ਼ ਕੌਨਵੈਂਟ ਸਕੂਲ ਵਿਖੇ ਦਾਦਾ-ਦਾਦੀ ਦਿਵਸ ਮਨਾਉਂਦਿਆਂ, ਮੁੱਖ ਮਹਿਮਾਨ ਫਾਦਰ ਮਾਈਕਲ ਐਨੀ ਹੋਏ ਸ਼ਾਮਲ। (ਜ਼ੀਸ਼ਾਨ) |
ਕਾਦੀਆਂ, 16 ਦਸੰਬਰ (ਜ਼ੀਸ਼ਾਨ) – ਸੇਂਟ ਜੋਸਫ਼ ਕੌਨਵੈਂਟ ਸਕੂਲ, ਡੱਲਾ ਮੋੜ੍ਹ ਵਿਖੇ ਹਰ ਸਾਲ ਮਨਾਏ ਜਾਂਦੇ ਸਾਲਾਨਾ ਸਮਾਗਮ ਦੀ ਥਾਂ ਇਸ ਵਾਰ ਦਾਦਾ-ਦਾਦੀ ਦਿਵਸ ਵੱਜੋਂ ਮਨਾਇਆ ਗਿਆ। ਇਹ ਸਮਾਗਮ ਸਕੂਲ ਦੇ ਕੇ.ਜੀ. ਸੈਕਸ਼ਨ ਵੱਲੋਂ ਬੜੇ ਉਤਸ਼ਾਹ ਨਾਲ ਆਯੋਜਿਤ ਕੀਤਾ ਗਿਆ।
ਇਸ ਮੌਕੇ ਡਾਇਸਿਸ ਐਜੂਕੇਸ਼ਨ ਬੋਰਡ ਜਲੰਧਰ ਦੇ ਡਾਇਰੈਕਟਰ ਜਨਰਲ ਫਾਦਰ ਮਾਈਕਲ ਐਨੀ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ। ਉਨ੍ਹਾਂ ਦਾ ਸਵਾਗਤ ਸਕੂਲ ਦੇ ਡਾਇਰੈਕਟਰ ਫਾਦਰ ਵਿਲੀਅਮ ਸਹੋਤਾ, ਪ੍ਰਿੰਸੀਪਲ ਸਿਸਟਰ ਜੋਸੀਆ ਅਤੇ ਵਾਈਸ ਪ੍ਰਿੰਸੀਪਲ ਸਿਸਟਰ ਲਿਟੀ ਵੱਲੋਂ ਕੀਤਾ ਗਿਆ।
ਮੁੱਖ ਮਹਿਮਾਨ ਵੱਲੋਂ ਸ਼ਮਾ ਰੌਸ਼ਨ ਕਰਕੇ ਸਮਾਗਮ ਦੀ ਸ਼ੁਰੂਆਤ ਕੀਤੀ ਗਈ। ਇਸ ਉਪਰੰਤ ਨੰਨ੍ਹੇ-ਮੁੰਨ੍ਹੇ ਬੱਚਿਆਂ ਵੱਲੋਂ ਸਵਾਗਤੀ ਡਾਂਸ, ਵੱਖ-ਵੱਖ ਸੱਭਿਆਚਾਰਕ ਡਾਂਸ ਅਤੇ ਭੰਗੜਾ ਪੇਸ਼ ਕੀਤਾ ਗਿਆ। ਬੱਚਿਆਂ ਨੇ ਇੱਕ ਸਕਿਟ ਰਾਹੀਂ ਘਰ ਦੇ ਬਜ਼ੁਰਗਾਂ ਦੀ ਸੇਵਾ, ਸਨਮਾਨ ਅਤੇ ਉਨ੍ਹਾਂ ਦੀ ਗੱਲ ਮੰਨਣ ਦੀ ਮਹੱਤਤਾ ਨੂੰ ਦਰਸਾਇਆ।
ਇਸ ਦੌਰਾਨ ਮੁੱਖ ਮਹਿਮਾਨ ਵੱਲੋਂ ਦਸਵੀਂ ਜਮਾਤ ਦੇ ਉਹ ਵਿਦਿਆਰਥੀ ਜਿਨ੍ਹਾਂ ਨੇ ਵਧੀਆ ਅੰਕ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਸੀ, ਉਨ੍ਹਾਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੇ ਦਾਦਾ-ਦਾਦੀ ਦਾ ਧੰਨਵਾਦ ਕਰਦਿਆਂ ਬੱਚਿਆਂ ਦੀ ਹੌਂਸਲਾ ਅਫ਼ਜ਼ਾਈ ਵੀ ਕੀਤੀ। ਅੰਤ ਵਿੱਚ ਸਕੂਲ ਪ੍ਰਬੰਧਨ ਵੱਲੋਂ ਮੁੱਖ ਮਹਿਮਾਨ ਨੂੰ ਸਿਰੋਪਾਓ ਅਤੇ ਟਰਾਫੀ ਭੇਟ ਕਰਕੇ ਸਨਮਾਨਿਤ ਕੀਤਾ ਗਿਆ।