| ਪਿੰਡ ਜਾਗੋਵਾਲ ਬਾਂਗਰ ਵਿਖੇ ਸਾਬਕਾ ਫੌਜੀ ਦੇ ਘਰ ਦੇ ਬਾਹਰ ਲੱਗੇ ਕਮਰੇ ਚ ਦਿਸਦੇ ਆਰੋਪੀ। (ਜ਼ੀਸ਼ਾਨ) |
ਕਾਦੀਆਂ, 14 ਦਸੰਬਰ (ਜ਼ੀਸ਼ਾਨ) – ਪਿੰਡ ਜਾਗੋਵਾਲ ਬਾਂਗਰ ਵਿਖੇ ਵੀਰਵਾਰ ਦੀ ਰਾਤ ਨੂੰ ਦੋ ਅਣਪਛਾਤੇ ਨੌਜਵਾਨਾਂ ਵੱਲੋਂ ਸਾਬਕਾ ਫੌਜੀ ਮਾਧਾ ਸਿੰਘ ਦੇ ਘਰ ਰਾਤ ਸਮੇਂ ਗੋਲੀਆਂ ਚਲਾਉਣ ਦਾ ਸਮਾਚਾਰ ਮਿਲਿਆ ਹੈ। ਇਹ ਵਾਰਦਾਤ ਸੀਸੀਟੀਵੀ ਵਿਚ ਕੈਦ ਹੋਈ ਹੈ ਜਿਸ ਦੀ ਫੁਟੇਜ ਲੈ ਕੇ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਉਕਤ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਵੀਰਵਾਰ ਦੀ ਰਾਤ ਨੂੰ 9.40 'ਤੇ ਉਨ੍ਹਾਂ ਦੇ ਘਰ ਦੇ ਬਾਹਰ ਕੁਝ ਵਿਅਕਤੀ ਜਸਪਾਲ ਸਿੰਘ ਦਾ ਨਾਮ ਲੈ ਕੇ ਉਸ ਨੂੰ ਵੰਗਾਰ ਰਹੇ ਸਨ।
ਇਸ ਦੌਰਾਨ ਉਨ੍ਹਾਂ ਨੇ ਘਰ 'ਤੇ ਇੱਕ ਫਾਇਰ ਵੀ ਕੀਤਾ ਅਤੇ ਦੂਸਰੇ ਵਿਅਕਤੀ ਦਾ ਪਿਸਤੌਲ ਮੌਕੇ 'ਤੇ ਨਹੀਂ ਚੱਲਿਆ, ਜਿਸ ਦੀ ਸੀਸੀਟੀਵੀ ਪਰਿਵਾਰ ਅਤੇ ਪੁਲਸ ਨੂੰ ਵੀ ਮਿਲ ਚੁੱਕੀ ਹੈ। ਜਸਪਾਲ ਸਿੰਘ ਨੇ ਦੱਸਿਆ ਕਿ ਉਹ ਇੱਕ ਨਿੱਜੀ ਖੰਡ ਮਿਲ ਵਿੱਚ ਕੰਮ ਕਰਦਾ ਹੈ ਅਤੇ ਕੁਝ ਦਿਨ ਪਹਿਲਾਂ ਕੁਝ ਲੋਕਾਂ ਨੇ ਉਸ ਨੂੰ ਵੰਗਾਰ ਰਹੇ ਸੀ ਅਤੇ ਮਿੱਲ 'ਚ ਆਉਂਦੇ ਜਾਂਦੇ ਸਮੇਂ ਉਸ ਦਾ ਨੁਕਸਾਨ ਕਰਨ ਦੀ ਵੀ ਧਮਕੀ ਦਿੱਤੀ ਸੀ। ਉਸ ਨੇ ਦੱਸਿਆ ਕਿ ਹੁਣ ਇਹ ਪਤਾ ਨਹੀਂ ਕਿ ਇਹ ਹਮਲਾਵਰ ਕੌਣ ਸਨ।
ਥਾਣਾ ਮੁਖੀ ਕਾਹਨੂੰਵਾਨ ਗੁਰਨਾਮ ਸਿੰਘ ਨੇ ਦੱਸਿਆਂ ਕਿ ਪੁਲਸ ਫੋਰਸ ਪਿੰਡ ਵਿੱਚ ਪੁਹੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਜਲਦੀ ਹੀ ਪੁਲਸ ਇਸ ਮਸਲੇ ਨੂੰ ਹੱਲ ਕਰ ਲਵੇਗੀ।