| ਸੇਂਟ ਜੋਸਫ ਕਨਵੈਂਟ ਸਕੂਲ ਡੱਲਾ ਮੋੜ ਕਾਦੀਆਂ ਵਿਖੇ ਖੇਡ ਸਮਾਰੋਹ ਮੌਕੇ ਮੁੱਖ ਮਹਿਮਾਨ, ਜੇਤੂਆਂ ਖਿਡਾਰੀਆਂ ਨੂੰ ਇਨਾਮ ਦਿੰਦਿਆਂ । (ਜ਼ੀਸ਼ਾਨ) |
ਕਾਦੀਆਂ, 7 ਨਵੰਬਰ (ਜ਼ੀਸ਼ਾਨ) – ਸੇਂਟ ਜੋਸਫ ਕਨਵੈਂਟ ਸਕੂਲ ਡੱਲਾ ਮੋੜ ਕਾਦੀਆਂ ਵਿੱਚ ਖੇਡ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਡਾਇਸਮ ਬੋਰਡ ਦੇ ਹੈੱਡ ਫਾਦਰ ਡੈਵਿਸ ਅਲਾਪਖ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਸਕੂਲ ਡਾਇਰੈਕਟਰ ਫਾਦਰ ਵਿਲੀਅਮ ਸਹੋਤਾ, ਪ੍ਰਿੰਸੀਪਲ ਮਿਸ ਜੋਸ਼ੀਆ ਅਤੇ ਵਾਈਸ ਪ੍ਰਿੰਸੀਪਲ ਮਿਸ ਲਿਟੀ ਨੇ ਫੁੱਲਾਂ ਦਾ ਗੁਲਦਸਤਾ ਦੇ ਕੇ ਉਨ੍ਹਾਂ ਦਾ ਸਵਾਗਤ ਕੀਤਾ।
ਸਮਾਰੋਹ ਦੀ ਸ਼ੁਰੂਆਤ ਚਾਰ ਹਾਊਸਾਂ – ਲਾਲ, ਹਰਾ, ਪੀਲਾ ਅਤੇ ਨੀਲਾ – ਦੇ ਵਿਦਿਆਰਥੀਆਂ ਵੱਲੋਂ ਸ਼ਾਨਦਾਰ ਪਰੇਡ ਨਾਲ ਹੋਈ। ਮੁੱਖ ਮਹਿਮਾਨ ਨੇ ਸਕੂਲ ਦਾ ਝੰਡਾ ਚੜ੍ਹਾ ਕੇ ਅਤੇ ਅਸਮਾਨ ਵਿੱਚ ਗੁਬਾਰੇ ਛੱਡ ਕੇ ਖੇਡ ਸਮਾਰੋਹ ਦਾ ਆਰੰਭ ਕੀਤਾ। ਵਿਦਿਆਰਥੀਆਂ ਨੇ ਖੇਡਾਂ ਵਿੱਚ ਇਮਾਨਦਾਰੀ ਨਾਲ ਭਾਗ ਲੈਣ ਦੀ ਸੁੰਹ ਚੁੱਕੀ।
ਇਸ ਮੌਕੇ ਬੱਚਿਆਂ ਵੱਲੋਂ ਭਗਤੀ ਡਾਂਸ, ਸਵਾਗਤੀ ਡਾਂਸ, ਯੋਗਾ ਪ੍ਰਦਰਸ਼ਨ, ਪੀਟੀ ਸ਼ੋਅ ਅਤੇ ਭੰਗੜਾ ਪੇਸ਼ ਕੀਤਾ ਗਿਆ। ਖੇਡ ਮੁਕਾਬਲਿਆਂ ਵਿੱਚ 100 ਮੀਟਰ, 200 ਮੀਟਰ, ਪਿਰਾਮਿਡ ਦੌੜ, ਬੈਰੋ ਦੌੜ ਅਤੇ ਡੱਕ ਰੇਸ ਵਰਗੇ ਪ੍ਰੋਗਰਾਮ ਹੋਏ, ਜਿਨ੍ਹਾਂ ਵਿੱਚ ਲਾਲ ਹਾਊਸ ਵੱਧ ਅੰਕ ਪ੍ਰਾਪਤ ਕਰਕੇ ਜੇਤੂ ਰਿਹਾ।
ਵਧੀਆ ਐਥਲੀਟ ਦੀ ਟਰਾਫ਼ੀ ਸਾਗਰ ਪ੍ਰਤਾਪ ਸਿੰਘ ਅਤੇ ਅਮਤੋਜ ਕੌਰ (ਪੀਲਾ ਹਾਊਸ) ਨੂੰ ਦਿੱਤੀ ਗਈ। ਅੰਤ ਵਿੱਚ ਫਾਦਰ ਡੈਵਿਸ ਅਲਾਪਖ ਨੇ ਵਿਦਿਆਰਥੀਆਂ ਨੂੰ ਖੇਡਾਂ ਵਿੱਚ ਵੱਧ ਚੜ੍ਹ ਕੇ ਭਾਗ ਲੈਣ ਲਈ ਪ੍ਰੇਰਿਤ ਕੀਤਾ।