| ਕਾਦੀਆਂ ਨਗਰ ਕੌਂਸਲ ਪ੍ਰਧਾਨ ਅਤੇ ਕਾਰਜਕਾਰੀ ਅਧਿਕਾਰੀ ਨੂੰ ਮੈਮੋਰੈਂਡਮ ਸੌਂਪਦੇ ਦੁਕਾਨਦਾਰ ਆਦਿ। (ਜ਼ੀਸ਼ਾਨ) |
ਕਾਦੀਆਂ, 24 ਨਵੰਬਰ (ਜ਼ੀਸ਼ਾਨ) – ਕਾਦੀਆਂ ਦੀ ਸਬਜ਼ੀ ਮੰਡੀ ਨੇੜੇ ਕਈ ਦਿਨਾਂ ਤੋਂ ਕੂੜੇ ਦੇ ਡੰਪ ਵਿੱਚ ਲੱਗ ਰਹੀ ਅੱਗ ਨੇ ਸਥਾਨਕ ਦੁਕਾਨਦਾਰਾਂ ਅਤੇ ਰਿਹਾਏਸ਼ੀਆਂ ਦੀ ਮੁਸੀਬਤ ਵਧਾ ਦਿੱਤੀ ਹੈ। ਲਗਾਤਾਰ ਉੱਠ ਰਿਹਾ ਜ਼ਹਿਰੀਲਾ ਧੂੰਆ ਇਲਾਕੇ ਦੇ ਮਾਹੌਲ ਅਤੇ ਲੋਕਾਂ ਦੀ ਸਿਹਤ ਲਈ ਗੰਭੀਰ ਖਤਰਾ ਬਣ ਚੁੱਕਾ ਹੈ। ਇਸ ਨੂੰ ਲੈ ਕੇ ਅੱਜ ਦੁਕਾਨਦਾਰਾਂ ਨੇ ਮਿਊਂਸਪਲ ਕਮੇਟੀ ਕਾਦੀਆਂ ਦੀ ਪ੍ਰਧਾਨ ਅਤੇ ਕਾਰਜਕਾਰੀ ਅਧਿਕਾਰੀ (EO) ਕਿਰਨ ਮਹਾਜਨ ਨੂੰ ਇੱਕ ਵਿਸ਼ੇਸ਼ ਮੈਮੋਰੈਂਡਮ ਸੌਂਪਿਆ।
ਦੁਕਾਨਦਾਰਾਂ ਵੱਲੋਂ ਦਿੱਤੇ ਗਏ ਮੈਮੋਰੈਂਡਮ ਵਿਚ ਦਰਸਾਇਆ ਗਿਆ ਕਿ ਸਬਜ਼ੀ ਮੰਡੀ, ਅਨਾਜ ਮੰਡੀ ਅਤੇ ਸ਼ਹਿਰ ਭਰ ਤੋਂ ਆਉਂਦਾ ਕੂੜਾ ਇਸ ਥਾਂ ਇਕੱਠਾ ਕੀਤਾ ਜਾਂਦਾ ਹੈ ਅਤੇ ਪਿਛਲੇ ਕਈ ਦਿਨਾਂ ਤੋਂ ਸ਼ਰਾਰਤੀ ਤੱਤ ਕੂੜੇ ਨੂੰ ਵਾਰ-ਵਾਰ ਅੱਗ ਲਗਾ ਰਹੇ ਹਨ। ਇਸ ਨਾਲ ਹੋ ਰਿਹਾ ਪ੍ਰਦੂਸ਼ਣ ਲੋਕਾਂ ਦੇ ਘਰਾਂ ਤਕ ਪਹੁੰਚ ਰਿਹਾ ਹੈ। ਬਹੁਤ ਸਾਰੇ ਲੋਕਾਂ ਖ਼ਾਸ ਕਰਕੇ ਬਜ਼ੁਰਗਾਂ ਅਤੇ ਬੱਚਿਆਂ ਦੀ ਸਿਹਤ ਬਦਤਰ ਹੋ ਰਹੀ ਹੈ।
ਦੁਕਾਨਦਾਰਾਂ ਨੇ ਦੱਸਿਆ ਕਿ ਕਈ ਵਾਰ ਨਗਰ ਕੌਂਸਲ ਨੂੰ ਸ਼ਿਕਾਇਤ ਦੇ ਬਾਵਜੂਦ ਕੋਈ ਪੱਕਾ ਹੱਲ ਨਹੀਂ ਕੀਤਾ ਗਿਆ। ਅੱਗ ਫਾਇਰ ਬ੍ਰਿਗੇਡ ਦੁਆਰਾ ਬੁਝਾ ਦਿੱਤੀ ਜਾਂਦੀ ਹੈ ਪਰ ਅਗਲੇ ਦਿਨ ਫਿਰ ਅੱਗ ਲੱਗ ਜਾਂਦੀ ਹੈ, ਜਿਸ ਨਾਲ ਇਹ ਸਮੱਸਿਆ ਬੇਕਾਬੂ ਹੁੰਦੀ ਜਾ ਰਹੀ ਹੈ।
ਦੁਕਾਨਦਾਰਾਂ ਦੀ ਮੰਗ ਹੈ ਕਿ: ਕੂੜੇ ਦੇ ਡੰਪ ਨੂੰ ਤੁਰੰਤ ਇਹਥੋਂ ਹਟਾਇਆ ਜਾਵੇ, ਨਜ਼ਦੀਕੀ CCTV ਫੁਟੇਜ ਚੈੱਕ ਕਰਕੇ ਸ਼ਰਾਰਤੀ ਤੱਤਾਂ ਦੀ ਪਛਾਣ ਕਰਕੇ ਕਾਰਵਾਈ ਕੀਤੀ ਜਾਵੇ, ਮੰਡੀ ਅਤੇ ਸ਼ਹਿਰ ਤੋਂ ਕੂੜੇ ਦੇ ਨਿਪਟਾਰੇ ਲਈ ਨਵੀਂ ਵਿਵਸਥਾ ਬਣਾਈ ਜਾਵੇ, ਨਗਰ ਕੌਂਸਲ ਇਲਾਕੇ ਵਿੱਚ ਨਿਗਰਾਨੀ ਵਧਾਏ ਅਤੇ ਸਫਾਈ ਵਿਭਾਗ ਨੂੰ ਜ਼ਿੰਮੇਵਾਰ ਬਣਾਏ।
ਉਹਨਾਂ ਚੇਤਾਵਨੀ ਦਿੱਤੀ ਕਿ ਜੇਕਰ ਤੁਰੰਤ ਕਾਰਵਾਈ ਨਾ ਕੀਤੀ ਗਈ ਤਾਂ ਇਨ੍ਹਾਂ ਨੂੰ ਵੱਡੇ ਪੱਧਰ 'ਤੇ ਰੋਸ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਾ ਪਵੇਗਾ।
ਮਿਊਂਸਪਲ ਕਮੇਟੀ ਦੀ ਪ੍ਰਧਾਨ ਨੇਹਾ ਅਤੇ ਈ.ਓ. ਕਿਰਨ ਮਹਾਜਨ ਨੇ ਮੈਮੋਰੈਂਡਮ ਪ੍ਰਾਪਤ ਕਰਦੇ ਹੋਏ ਦੁਕਾਨਦਾਰਾਂ ਨੂੰ ਜਲਦ ਹੱਲ ਦਾ ਭਰੋਸਾ ਦਵਾਇਆ।
ਇਸ ਮੌਕੇ ਅਸ਼ਵਨੀ ਵਰਮਾ, ਸੁੱਚਾ ਸਿੰਘ ਜੌਹਲ, ਵਰਿੰਦਰ ਖੋਸਲਾ, ਨਰੇਸ਼, ਮਨਮੋਹਨ ਸਿੰਘ, ਬੱਬੂ, ਗੁਲਸ਼ਨ ਵਰਮਾ, ਸਕੱਤਰ ਸਿੰਘ, ਸਤਨਾਮ ਸਿੰਘ, ਬਾਊ, ਟੋਨੀ, ਰਣਜੀਤ ਸਿੰਘ, ਢੀਂਡਸਾ ਜੀ ਆਦਿ ਮੌਜੂਦ ਸਨ।