ਕਾਦੀਆਂ ਚ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਸੜਕਾਂ ਦੀ ਮੁਰੰਮਤ ਦਾ ਨੀਂਹ ਪੱਥਰ ਰੱਖਣ ਦਾ ਉਦਘਾਟਨ ਕਰਦਿਆਂ। (ਜ਼ੀਸ਼ਾਨ) |
ਕਾਦੀਆਂ, 11 ਅਕਤੂਬਰ (ਜ਼ੀਸ਼ਾਨ) – ਆਮ ਆਦਮੀ ਪਾਰਟੀ ਦੇ ਜਨਰਲ ਸਕੱਤਰ ਅਤੇ ਹਲਕਾ ਕਾਦੀਆਂ ਦੇ ਇੰਚਾਰਜ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਨੇ ਅੱਜ ਕਾਦੀਆਂ ਅਤੇ ਆਲੇ ਦੁਆਲੇ ਦੀਆਂ ਪੰਜ ਲਿੰਕ ਸੜਕਾਂ ਦੀ ਮੁਰੰਮਤ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਾਦੀਆਂ ਸ਼ਹਿਰ ਦੇ ਵਿਕਾਸ ਲਈ ਲਗਾਤਾਰ ਫੰਡ ਜਾਰੀ ਕੀਤੇ ਜਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਕਾਦੀਆਂ ਤੋਂ ਬੁੱਟਰ ਕਲਾਂ ਰੋੜ ਦੀ ਮੁਰੰਮਤ ਲਈ 93 ਲੱਖ ਰੁਪਏ, ਕਾਦੀਆਂ-ਬਸਰਾਵਾਂ ਗੁਰਦੁਆਰਾ ਫ਼ਲਾਈ ਸਾਹਿਬ ਰੋੜ ਲਈ 45 ਲੱਖ ਰੁਪਏ, ਕੋਟ ਟੋਡਰਮਲ ਦੀ ਫ਼ਿਰਨੀ ਲਈ 18 ਲੱਖ ਰੁਪਏ ਅਤੇ ਪਿੰਡ ਨਿਮਾਣਾ ਤੋਂ ਪਿੰਡ ਭਿੱਟੇਵੱਡ ਤੱਕ ਇੱਕ ਕਿਲੋਮੀਟਰ ਸੜਕ 'ਤੇ 15 ਲੱਖ ਰੁਪਏ ਖਰਚ ਕੀਤੇ ਜਾਣਗੇ। ਇਸ ਤੋਂ ਇਲਾਵਾ ਕਾਦੀਆਂ ਸਬ ਡਵੀਜ਼ਨ ਵਿੱਚ ਬਿਜਲੀ ਦੇ ਕੰਮਾਂ ਲਈ 8 ਕਰੋੜ ਰੁਪਏ ਖਰਚ ਹੋਣਗੇ।
ਉਨ੍ਹਾਂ ਕਿਹਾ ਕਿ ਹਲਕੇ ਦੇ 25 ਸਟੇਡਿਅਮਾਂ ਲਈ ਟੈਂਡਰ ਜਾਰੀ ਹੋ ਚੁੱਕੇ ਹਨ ਅਤੇ ਛੇਤੀ ਹੀ ਕੰਮ ਸ਼ੁਰੂ ਹੋਵੇਗਾ। ਕਾਦੀਆਂ ਵਾਸੀਆਂ ਲਈ 9 ਤੋਂ 10 ਕਰੋੜ ਰੁਪਏ ਦੀ ਪਾਣੀ ਦੀ ਟੈਂਕੀ ਦਾ ਪ੍ਰੋਜੈਕਟ ਮਨਜ਼ੂਰ ਹੋ ਗਿਆ ਹੈ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਕਿ ਉਹ ਇਸ ਪ੍ਰੋਜੈਕਟ ਦਾ ਉਦਘਾਟਨ ਕਰਨ ਕਾਦੀਆਂ ਆਉਣ। ਇਸ ਤੋਂ ਇਲਾਵਾ 30 ਤੋਂ 35 ਕਰੋੜ ਰੁਪਏ ਦਾ ਵਾਟਰ ਟਰੀਟਮੈਂਟ ਪਲਾਂਟ ਅਤੇ ਸੀਵਰੇਜ ਪ੍ਰੋਜੈਕਟ ਵੀ ਛੇਤੀ ਸ਼ੁਰੂ ਹੋਣਗੇ।
ਪ੍ਰਤਾਪ ਸਿੰਘ ਬਾਜਵਾ ਵੱਲੋਂ ਪੰਜਾਬ ਸਰਕਾਰ 'ਤੇ ਵੋਟ ਚੋਰੀ ਦੇ ਲਗਾਏ ਦੋਸ਼ਾਂ ਦਾ ਜਵਾਬ ਦਿੰਦਿਆਂ ਸੇਖਵਾਂ ਨੇ ਕਿਹਾ ਕਿ "ਮੇਰੇ ਸਵਰਗਵਾਸੀ ਪਿਤਾ ਜਥੇਦਾਰ ਸੇਵਾ ਸਿੰਘ ਸੇਖਵਾਂ ਨੇ ਬਾਜਵਾ ਵਿਰੁੱਧ ਚੋਣ ਕਮਿਸ਼ਨ ਵਿੱਚ 10 ਹਜ਼ਾਰ ਵੋਟਾਂ ਦੀ ਚੋਰੀ ਦੀ ਸ਼ਿਕਾਇਤ ਕੀਤੀ ਸੀ, ਜਿਸ 'ਤੇ ਕਮਿਸ਼ਨ ਨੇ ਉਹ ਵੋਟਾਂ ਰੱਦ ਕੀਤੀਆਂ ਸਨ।" ਭਲਾ ਹੁਣ ਉਹ ਕਿਸ ਤਰ੍ਹਾਂ ਵੋਟ ਚੋਰੀ ਆਰੋਪ ਲਗਾ ਸਕਦੇ ਹਨ। ਉਨ੍ਹਾਂ ਚੋਣ ਵਿੱਚ ਧਾਂਦਲੀ, ਜਾਅਲੀ ਵੋਟਾਂ ਬਣਾਉਣ ਨੂੰ ਜਮਹੂਰੀਅਤ ਦਾ ਕਤਲ ਦੱਸਿਆ।
ਇਸ ਮੌਕੇ ਉਨ੍ਹਾਂ ਨੇ ਪਾਕਿਸਤਾਨ ਦੇ ਚਨਾਬ ਨਗਰ (ਰਬਵਾ) ਵਿਚ ਅਹਿਮਦੀਆ ਮੁਸਲਿਮ ਜਮਾਤ ਦੀ ਮਸਜਿਦ "ਬੈਤੁਲ ਮਹਦੀ" 'ਤੇ ਹੋਏ ਅੱਤਵਾਦੀ ਹਮਲੇ ਅਤੇ ਜੰਮੂ ਚ ਹੋਈ ਬੇ ਅਦਬੀ ਦੀ ਨਿੰਦਾ ਕਰਦਿਆਂ ਕਿਹਾ ਕਿ ਇਹ ਇਕ ਬਹੁਤ ਹੀ ਦੁਖਦਾਈ ਘਟਨਾਵਾਂ ਹਨ।
ਇਸ ਮੌਕੇ ਉਨ੍ਹਾਂ ਨਾਲ ਬਬੀਤਾ ਖੋਸਲਾ, ਗੁਰਮੇਜ ਸਿੰਘ ਅਤੇ ਆਮ ਆਦਮੀ ਪਾਰਟੀ ਦੇ ਕਈ ਵਰਕਰ ਆਦਿ ਹਾਜ਼ਰ ਸਨ।