ਪੌਦੇ ਲਗਾਉਂਦੇ ਹੋਏ ਏਡੀਸੀ ਹਰਜਿੰਦਰ ਸਿੰਘ ਬੇਦੀ, ਡਾ. ਅਮਰੀਕ ਸਿੰਘ ਤੇ ਹੋਰ ਅਧਿਕਾਰੀ। (ਜ਼ੀਸ਼ਾਨ) |
ਕਾਦੀਆਂ, 30 ਸਤੰਬਰ(ਜ਼ੀਸ਼ਾਨ)- ਖੇਤੀਬਾੜੀ ਦਫ਼ਤਰ ਕਾਦੀਆਂ ਸਰਕਲ ਕੰਡੀਲਾ ਵੱਲੋਂ ਪਿੰਡ ਹਰਪੁਰਾ ਵਿੱਚ ਜਾਗਰੂਕਤਾ ਸਮਾਗਮ ਆਯੋਜਿਤ ਕੀਤਾ ਗਿਆ। ਇਸ ਮੌਕੇ ਏਡੀਸੀ ਗੁਰਦਾਸਪੁਰ ਹਰਜਿੰਦਰ ਸਿੰਘ ਬੇਦੀ, ਮੁੱਖ ਖੇਤੀਬਾੜੀ ਅਧਿਕਾਰੀ ਡਾ. ਅਮਰੀਕ ਸਿੰਘ, ਸਰਕਲ ਇੰਚਾਰਜ ਮੈਡਮ ਨਵਜੋਤ ਕੌਰ ਅਤੇ ਏਡੀਓ ਕਾਦੀਆਂ ਵੱਲੋਂ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ।
ਅਧਿਕਾਰੀਆਂ ਨੇ ਕਿਹਾ ਕਿ ਪਰਾਲੀ ਨੂੰ ਸਾੜਨ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਘੱਟ ਜਾਂਦੀ ਹੈ ਅਤੇ ਮਿੱਟੀ ਦੇ ਅੰਦਰਲੇ ਮਿੱਤਰ ਕੀੜੇ ਨਸ਼ਟ ਹੋ ਜਾਂਦੇ ਹਨ, ਜਿਸ ਨਾਲ ਆਉਣ ਵਾਲੀ ਫਸਲ ਦੀ ਪੈਦਾਵਾਰ ਪ੍ਰਭਾਵਿਤ ਹੁੰਦੀ ਹੈ ਅਤੇ ਕਿਸਾਨਾਂ ਨੂੰ ਭਾਰੀ ਨੁਕਸਾਨ ਝੱਲਣਾ ਪੈਂਦਾ ਹੈ। ਇਸ ਲਈ ਕਿਸਾਨਾਂ ਨੂੰ ਚਾਹੀਦਾ ਹੈ ਕਿ ਉਹ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਪਰਾਲੀ ਨਾ ਸਾੜਨ ਅਤੇ ਵਾਤਾਵਰਣ ਪ੍ਰੇਮੀ ਬਣਨ।
ਇਸ ਮੌਕੇ ਅਧਿਕਾਰੀਆਂ ਵੱਲੋਂ ਪਿੰਡ ਵਿੱਚ ਪੌਦੇ ਵੀ ਲਗਾਏ ਗਏ ਅਤੇ ਕਿਸਾਨਾਂ ਨੂੰ ਵੱਧ ਤੋਂ ਵੱਧ ਪੌਦੇ ਲਗਾਉਣ ਦੀ ਅਪੀਲ ਕੀਤੀ ਗਈ। ਕਿਸਾਨਾਂ ਨੇ ਵੀ ਪ੍ਰਣ ਕੀਤਾ ਕਿ ਉਹ ਪਰਾਲੀ ਨੂੰ ਅੱਗ ਨਾ ਲਗਾ ਕੇ ਵਾਤਾਵਰਣ ਦੀ ਰੱਖਿਆ ਕਰਨਗੇ।
ਇਸ ਮੌਕੇ ਸਰਪੰਚ ਮਨਦੀਪ ਸਿੰਘ ਹਰਪੁਰਾ, ਮੈਂਬਰ ਨਿਰਵੈਲ ਸਿੰਘ, ਬਿਕਰਮਜੀਤ ਸਿੰਘ, ਅਨੇਕ ਸਿੰਘ, ਕੁਲਵੰਤ ਸਿੰਘ ਆਦਿ ਮੌਜੂਦ ਸਨ।