![]() |
| ‘ਰੁੱਖ ਮਿੱਤਰਾ’ ਰੁੱਖ ਲਗਾਓ ਮੁਹਿੰਮ ਤਹਿਤ ਬੂਟੇ ਲਗਾਉਂਦੇ ਹੋਏ ਅਧਿਕਾਰੀ ਅਤੇ ਵਿਦਿਆਰਥੀ। (ਜ਼ੀਸ਼ਾਨ) |
ਕਾਦੀਆਂ, 15 ਜੁਲਾਈ (ਜ਼ੀਸ਼ਾਨ): ਪੰਜਾਬ ਪੁਲਿਸ ਦੇ ਕਮਿਊਨਿਟੀ ਅਫੇਅਰਜ਼ ਡਿਵੀਜ਼ਨ (CAD) ਦੇ ਦਿਸ਼ਾ-ਨਿਰਦੇਸ਼ਾਂ ਅਤੇ ਸਪੈਸ਼ਲ ਡੀ.ਜੀ.ਪੀ. ਗੁਰਪ੍ਰੀਤ ਦਿਓ, ਆਈ.ਪੀ.ਐਸ. ਦੀ ਪਹਿਲ 'ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਸਿੱਧਵਾਂ ਵਿਖੇ ‘ਰੁੱਖ ਮਿੱਤਰਾ’ ਰੁੱਖ ਲਗਾਓ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਹ ਮੁਹਿੰਮ ਸੀਨੀਅਰ ਪੁਲਿਸ ਕਪਤਾਨ ਗੁਰਦਾਸਪੁਰ ਆਦਿਤਿਆ, ਆਈ.ਪੀ.ਐਸ. ਦੀ ਅਗਵਾਈ ਅਤੇ ਜ਼ਿਲ੍ਹਾ ਮਾਰਗਦਰਸ਼ਨ ਕਾਊਂਸਲਰ ਮੁਕੇਸ਼ ਵਰਮਾ ਦੀ ਦੇਖ-ਰੇਖ ਹੇਠ ਕਰਵਾਈ ਗਈ।
ਇਸ ਮੌਕੇ ਐੱਸ.ਪੀ. ਹੈੱਡਕੁਆਰਟਰ ਜੁਗਰਾਜ ਸਿੰਘ, ਇੰਸਪੈਕਟਰ ਅਮਨਪ੍ਰੀਤ ਕੌਰ, ਸਟੂਡੈਂਟ ਪੁਲਿਸ ਕੈਡੇਟ (SPC) ਪ੍ਰੋਗਰਾਮ ਦੇ ਨੋਡਲ ਅਫ਼ਸਰ ਰਾਜਦੀਪ ਸਿੰਘ ਅਤੇ ਬਲਾਕ ਮਾਰਗਦਰਸ਼ਨ ਕਾਊਂਸਲਰ ਜਤਿੰਦਰ ਸਿੰਘ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ। ਮੁਹਿੰਮ ਤਹਿਤ ਸਟੂਡੈਂਟ ਪੁਲਿਸ ਕੈਡੇਟਾਂ ਨੇ ਸਕੂਲ ਕੈਂਪਸ ਵਿੱਚ ਫਲਦਾਰ ਅਤੇ ਆਕਸੀਜਨ ਪ੍ਰਦਾਨ ਕਰਨ ਵਾਲੇ ਬੂਟੇ ਲਗਾਏ, ਜਦਕਿ 102 ਬੂਟੇ ਸਕੂਲ ਦੇ ਪ੍ਰਿੰਸੀਪਲ ਨੂੰ ਵਿਦਿਆਰਥੀਆਂ ਵਿੱਚ ਵੰਡਣ ਲਈ ਸੌਂਪੇ ਗਏ।
ਇਸ ਮੌਕੇ ਹਰ ਵਿਦਿਆਰਥੀ ਨੂੰ ਇੱਕ ਬੂਟੇ ਦਾ ‘ਰੁੱਖ ਮਿੱਤਰਾ’ ਬਣਾਉਂਦਿਆਂ ਉਸ ਦੀ ਸੰਭਾਲ ਅਤੇ ਸੁਰੱਖਿਆ ਦੀ ਜ਼ਿੰਮੇਵਾਰੀ ਸੌਂਪੀ ਗਈ। ਅਧਿਕਾਰੀਆਂ ਨੇ ਵਿਦਿਆਰਥੀਆਂ ਨੂੰ ਵਾਤਾਵਰਨ ਸੰਭਾਲ ਨੂੰ ਲੋਕ ਲਹਿਰ ਬਣਾਉਣ ਅਤੇ ਲਗਾਏ ਗਏ ਬੂਟਿਆਂ ਦੀ ਨਿਯਮਿਤ ਦੇਖਭਾਲ ਕਰਨ ਲਈ ਪ੍ਰੇਰਿਤ ਕੀਤਾ।
ਇਸ ਦੌਰਾਨ ਐਸ.ਐਸ.ਪੀ ਆਦਿਤਿਆ, ਮੁਕੇਸ਼ ਵਰਮਾ, ਜੁਗਰਾਜ ਸਿੰਘ, ਅਮਨਪ੍ਰੀਤ ਕੌਰ, ਰਾਜਦੀਪ ਸਿੰਘ ਅਤੇ ਜਤਿੰਦਰ ਸਿੰਘ ਨੇ ਵਾਤਾਵਰਨ ਸੰਭਾਲ, ਜਨ-ਭਾਗੀਦਾਰੀ ਅਤੇ ਸਮਾਜਿਕ ਜ਼ਿੰਮੇਵਾਰੀ ਦੇ ਮਹੱਤਵ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ। ਸਮਾਗਮ ਦੇ ਅੰਤ ਵਿੱਚ ਸਾਰੇ ਹਾਜ਼ਰ ਲੋਕਾਂ ਨੇ ਬੂਟਿਆਂ ਦੀ ਸੰਭਾਲ ਅਤੇ ਵਾਤਾਵਰਨ ਸੁਰੱਖਿਆ ਲਈ ਸਾਂਝਾ ਸੰਕਲਪ ਲਿਆ।
