![]() |
| ਕਾਦੀਆਂ ਦੀ ਨਾਇਬ ਤਹਿਸੀਲਦਾਰ ਰੁਪਿੰਦਰ ਕੌਰ ਨੂੰ ਮੰਗ ਪੱਤਰ ਦਿੰਦਿਆਂ ਸੰਘਰਸ਼ ਕਮੇਟੀ ਆਗੂ। (ਜ਼ੀਸ਼ਾਨ) |
ਕਾਦੀਆਂ, 15 ਜੁਲਾਈ (ਜ਼ੀਸ਼ਾਨ): ਅੱਜ ਕਾਦੀਆਂ ਚ ਪੰਜਾਬ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਭਾਰਤ-ਅਮਰੀਕਾ ਮੁਕਤ ਵਪਾਰ ਸਮਝੌਤੇ ਨੂੰ ਰੱਦ ਕਰਨ ਨੂੰ ਲੈਕੇ ਨਾਇਬ ਤਹਿਸੀਲਦਾਰ ਰੁਪਿੰਦਰ ਕੌਰ ਨੂੰ ਦਿੱਤਾ ਮੰਗ ਪੱਤਰ ਦਿੱਤਾ ਗਿਆ। ਦੇਸ਼ ਬਚਾਓ ਮੋਰਚਾ ਨੇ ਭਾਰਤ-ਅਮਰੀਕਾ ਵਿਚਕਾਰ ਪ੍ਰਸਤਾਵਿਤ ਮੁਕਤ ਵਪਾਰ (ਫ੍ਰੀ ਟਰੇਡ) ਸਮਝੌਤੇ ਦਾ ਸਖ਼ਤ ਵਿਰੋਧ ਕਰਦਿਆਂ ਪ੍ਰਧਾਨ ਮੰਤਰੀ ਨੂੰ ਮੰਗ ਪੱਤਰ ਭੇਜ ਕੇ ਇਸ ਸਮਝੌਤੇ ਨੂੰ ਤੁਰੰਤ ਰੱਦ ਕਰਨ ਦੀ ਮੰਗ ਕੀਤੀ ਹੈ।
ਮੋਰਚੇ ਵੱਲੋਂ ਜਾਰੀ ਮੰਗ ਪੱਤਰ ਵਿੱਚ ਕਿਹਾ ਗਿਆ ਹੈ ਕਿ ਇਹ ਪ੍ਰਸਤਾਵਿਤ ਸਮਝੌਤਾ ਦੇਸ਼ ਦੇ ਕਿਸਾਨਾਂ, ਖੇਤ ਮਜ਼ਦੂਰਾਂ, ਛੋਟੇ ਦੁਕਾਨਦਾਰਾਂ, ਛੋਟੇ ਵਪਾਰੀਆਂ, ਲਘੂ ਉਦਯੋਗਾਂ ਅਤੇ ਦੇਸ਼ ਦੀ ਖੁਰਾਕੀ ਤੇ ਆਰਥਿਕ ਖੁਦਮੁਖਤਿਆਰੀ ਲਈ ਗੰਭੀਰ ਖ਼ਤਰਾ ਸਾਬਤ ਹੋਵੇਗਾ। ਮੋਰਚੇ ਦਾ ਦਾਅਵਾ ਹੈ ਕਿ ਇਸ ਨਾਲ ਭਾਰਤੀ ਖੇਤੀਬਾੜੀ, ਪੇਂਡੂ ਅਰਥਵਿਵਸਥਾ ਅਤੇ ਕਰੋੜਾਂ ਲੋਕਾਂ ਦੀ ਰੋਜ਼ੀ-ਰੋਟੀ ਉੱਤੇ ਮਾੜਾ ਪ੍ਰਭਾਵ ਪਵੇਗਾ।
ਮੰਗ ਪੱਤਰ ਵਿੱਚ ਇਸ ਸਮਝੌਤੇ ਨੂੰ ਕਿਸਾਨਾਂ ਲਈ "ਮੌਤ ਦਾ ਫਰਮਾਨ" ਕਰਾਰ ਦਿੰਦਿਆਂ ਕਿਹਾ ਗਿਆ ਹੈ ਕਿ ਇਸ ਨੂੰ ਕਿਸੇ ਵੀ ਹਾਲਤ ਵਿੱਚ ਮਨਜ਼ੂਰ ਨਹੀਂ ਕੀਤਾ ਜਾਵੇਗਾ। ਸੰਘਰਸ਼ ਕਮੇਟੀ ਨੇ ਸਪੱਸ਼ਟ ਕੀਤਾ ਕਿ ਉਹ ਭਾਰਤ-ਅਮਰੀਕਾ ਮੁਕਤ ਵਪਾਰ ਸਮਝੌਤੇ ਦਾ ਪੂਰੀ ਤਰ੍ਹਾਂ ਵਿਰੋਧ ਕਰਦਾ ਹੈ ਅਤੇ ਇਸ ਨੂੰ ਰੱਦ ਕਰਨਾ ਹੀ ਦੇਸ਼ ਹਿੱਤ ਵਿੱਚ ਹੈ।
ਮੋਰਚੇ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਪ੍ਰਸਤਾਵਿਤ ਫ੍ਰੀ ਟਰੇਡ ਸਮਝੌਤੇ ਨੂੰ ਤੁਰੰਤ ਪ੍ਰਭਾਵ ਨਾਲ ਰੱਦ ਕਰਕੇ ਕਿਸਾਨਾਂ ਅਤੇ ਆਮ ਲੋਕਾਂ ਦੇ ਹਿੱਤਾਂ ਦੀ ਰੱਖਿਆ ਯਕੀਨੀ ਬਣਾਈ ਜਾਵੇ।
ਮੰਗ ਪੱਤਰ ਵਿੱਚ ਚੇਤਾਵਨੀ ਵੀ ਦਿੱਤੀ ਗਈ ਹੈ ਕਿ ਜੇਕਰ ਸਰਕਾਰ ਨੇ ਇਸ ਮੰਗ ਨੂੰ ਅਣਡਿੱਠਾ ਕੀਤਾ ਤਾਂ ਦੇਸ਼ ਬਚਾਓ ਮੋਰਚਾ ਦੇਸ਼ ਭਰ ਵਿੱਚ ਲੋਕਤੰਤਰੀ ਅਤੇ ਸੰਵਿਧਾਨਕ ਢੰਗ ਨਾਲ ਵਿਸ਼ਾਲ ਜਨ ਅੰਦੋਲਨ ਸ਼ੁਰੂ ਕਰੇਗਾ, ਜਿਸ ਦੀ ਪੂਰੀ ਜ਼ਿੰਮੇਵਾਰੀ ਕੇਂਦਰ ਸਰਕਾਰ ਦੀ ਹੋਵੇਗੀ।
