ਸਰਦਾਰ ਬੇਅੰਤ ਸਿੰਘ ਸਟੇਟ ਯੂਨੀਵਰਸਿਟੀ ਗੁਰਦਾਸਪੁਰ ਵਿੱਚ ਸਕੂਲ ਮੁਖੀਆਂ ਲਈ ਵਿਸ਼ੇਸ਼ ਵਰਕਸ਼ਾਪ ਜੁਲਾਈ ਵਿੱਚ ਹੋਵੇਗੀ ਆਯੋਜਿਤ

Uploaded Image
ਸਰਦਾਰ ਬੇਅੰਤ ਸਿੰਘ ਸਟੇਟ ਯੂਨੀਵਰਸਿਟੀ ਗੁਰਦਾਸਪੁਰ ਵਿੱਚ ਆਯੋਜਿਤ ਕੀਤੀ ਜਾਣ ਵਾਲੀ ਵਿਸ਼ੇਸ਼ ਵਰਕਸ਼ਾਪ ਸਬੰਧੀ ਪ੍ਰਬੰਧਾਂ ਦਾ ਨਿਰੀਖਣ ਕਰਦੇ ਜ਼ਿਲ੍ਹਾ ਗਾਈਡੈਂਸ ਕਾਊਂਸਲਰ ਮੁਕੇਸ਼ ਵਰਮਾ। ਉਨ੍ਹਾਂ ਦੇ ਨਾਲ ਜ਼ਿਲ੍ਹਾ ਰਿਸੋਰਸ ਕੋਆਰਡੀਨੇਟਰ (ਡੀ.ਆਰ.ਸੀ.) ਅਸ਼ੋਕ ਕੁਮਾਰ, ਸਹਾਇਕ ਕਾਊਂਸਲਰ ਹਰਦੀਪ ਸਿੰਘ ਸੈਣੀ ਅਤੇ ਹੋਰ ਅਧਿਕਾਰੀ। (ਜ਼ੀਸ਼ਾਨ)

ਕਾਦੀਆਂ, 23 ਜੂਨ (ਜ਼ੀਸ਼ਾਨ): ਜ਼ਿਲ੍ਹੇ ਦੇ ਵਿਦਿਆਰਥੀਆਂ ਨੂੰ ਉੱਚ ਸਿੱਖਿਆ, ਸਕਾਲਰਸ਼ਿਪਾਂ, ਰੋਜ਼ਗਾਰਮੁਖੀ ਅਤੇ ਤਕਨੀਕੀ ਕੋਰਸਾਂ ਬਾਰੇ ਜਾਣਕਾਰੀ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਜੁਲਾਈ ਮਹੀਨੇ ਵਿੱਚ ਸਕੂਲ ਮੁਖੀਆਂ ਲਈ ਇੱਕ ਵਿਸ਼ੇਸ਼ ਸੈਮੀਨਾਰ ਅਤੇ ਵਰਕਸ਼ਾਪ ਆਯੋਜਿਤ ਕੀਤੀ ਜਾਵੇਗੀ। ਇਹ ਜਾਣਕਾਰੀ ਜ਼ਿਲ੍ਹਾ ਗਾਈਡੈਂਸ ਕਾਊਂਸਲਰ ਮੁਕੇਸ਼ ਵਰਮਾ ਨੇ ਸਰਦਾਰ ਬੇਅੰਤ ਸਿੰਘ ਸਟੇਟ ਯੂਨੀਵਰਸਿਟੀ, ਗੁਰਦਾਸਪੁਰ ਦੇ ਦੌਰੇ ਦੌਰਾਨ ਦਿੱਤੀ।
ਉਨ੍ਹਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਆਦਿਤਿਆ ਉੱਪਲ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਰਾਜੇਸ਼ ਕੁਮਾਰ ਸ਼ਰਮਾ ਦੀ ਰਹਿਨੁਮਾਈ ਹੇਠ ਆਯੋਜਿਤ ਕੀਤੀ ਜਾਣ ਵਾਲੀ ਇਸ ਵਰਕਸ਼ਾਪ ਦਾ ਮਕਸਦ ਬਾਰ੍ਹਵੀਂ ਜਮਾਤ ਵਿੱਚ ਪੜ੍ਹ ਰਹੇ ਅਤੇ ਪਾਸ ਆਊਟ ਹੋ ਚੁੱਕੇ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਦੇ ਬਿਹਤਰ ਮੌਕਿਆਂ ਨਾਲ ਜੋੜਨਾ ਹੈ।
ਦੌਰੇ ਦੌਰਾਨ ਮੁਕੇਸ਼ ਵਰਮਾ, ਜ਼ਿਲ੍ਹਾ ਰਿਸੋਰਸ ਕੋਆਰਡੀਨੇਟਰ (ਡੀ.ਆਰ.ਸੀ.) ਅਸ਼ੋਕ ਕੁਮਾਰ ਅਤੇ ਸਹਾਇਕ ਕਾਊਂਸਲਰ ਹਰਦੀਪ ਸਿੰਘ ਸੈਣੀ ਨੇ ਯੂਨੀਵਰਸਿਟੀ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਵਰਕਸ਼ਾਪ ਦੀ ਰੂਪ-ਰੇਖਾ ਬਾਰੇ ਵਿਚਾਰ-ਵਟਾਂਦਰਾ ਕੀਤਾ। ਮੀਟਿੰਗ ਵਿੱਚ ਪੌਲੀਟੈਕਨਿਕ ਕਾਲਜ ਦੇ ਪ੍ਰਿੰਸੀਪਲ ਰਣਜੀਤ ਸਿੰਘ, ਡੀਨ ਅਕਾਦਮਿਕ ਪ੍ਰੋ. ਡਾ. ਅਨਿਲ ਕੁਮਾਰ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਸਨ।
ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਵੱਖ-ਵੱਖ ਸਕਾਲਰਸ਼ਿਪਾਂ, ਵਜ਼ੀਫ਼ਿਆਂ, ਤਕਨੀਕੀ ਅਤੇ ਵੋਕੇਸ਼ਨਲ ਕੋਰਸਾਂ, ਆਧੁਨਿਕ ਪ੍ਰਯੋਗਸ਼ਾਲਾਵਾਂ, ਲਾਇਬ੍ਰੇਰੀ ਸਹੂਲਤਾਂ ਅਤੇ ਪਲੇਸਮੈਂਟ ਮੌਕਿਆਂ ਸਬੰਧੀ ਜਾਣਕਾਰੀ ਜ਼ਿਲ੍ਹਾ ਗਾਈਡੈਂਸ ਕਾਊਂਸਲਰ ਨੂੰ ਸੌਂਪੀ ਗਈ। ਵਰਕਸ਼ਾਪ ਲਈ ਯੂਨੀਵਰਸਿਟੀ ਦੇ ਕਾਨਫਰੰਸ ਹਾਲ ਦਾ ਵੀ ਨਿਰੀਖਣ ਕੀਤਾ ਗਿਆ।
ਮੁਕੇਸ਼ ਵਰਮਾ ਨੇ ਕਿਹਾ ਕਿ ਸਿੱਖਿਆ ਵਿਭਾਗ ਵਿਦਿਆਰਥੀਆਂ ਨੂੰ ਗੁਣਵੱਤਾ ਭਰਪੂਰ ਉੱਚ ਸਿੱਖਿਆ ਅਤੇ ਬਿਹਤਰ ਕਰੀਅਰ ਮੌਕਿਆਂ ਨਾਲ ਜੋੜਨ ਲਈ ਲਗਾਤਾਰ ਯਤਨਸ਼ੀਲ ਹੈ। ਉਨ੍ਹਾਂ ਕਿਹਾ ਕਿ ਤਕਨੀਕੀ, ਵੋਕੇਸ਼ਨਲ ਅਤੇ ਹੁਨਰ ਆਧਾਰਿਤ ਸਿੱਖਿਆ ਬਾਰੇ ਜਾਣਕਾਰੀ ਅੱਜ ਦੇ ਸਮੇਂ ਦੀ ਲੋੜ ਹੈ। ਜੁਲਾਈ ਵਿੱਚ ਹੋਣ ਵਾਲੀ ਇਹ ਵਰਕਸ਼ਾਪ ਸਕੂਲ ਮੁਖੀਆਂ ਨੂੰ ਯੂਨੀਵਰਸਿਟੀ ਵਿੱਚ ਉਪਲਬਧ ਸਹੂਲਤਾਂ ਅਤੇ ਕੋਰਸਾਂ ਬਾਰੇ ਜਾਣੂ ਕਰਵਾਏਗੀ, ਜਿਸ ਨਾਲ ਉਹ ਆਪਣੇ ਸਕੂਲਾਂ ਦੇ ਵਿਦਿਆਰਥੀਆਂ ਨੂੰ ਪ੍ਰਭਾਵਸ਼ਾਲੀ ਕਰੀਅਰ ਮਾਰਗਦਰਸ਼ਨ ਪ੍ਰਦਾਨ ਕਰ ਸਕਣਗੇ।
ਉਨ੍ਹਾਂ ਇਸ ਪਹਿਲ ਨੂੰ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਅਤੇ ਜ਼ਿਲ੍ਹੇ ਵਿੱਚ ਉੱਚ ਸਿੱਖਿਆ ਪ੍ਰਤੀ ਜਾਗਰੂਕਤਾ ਵਧਾਉਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਦੱਸਿਆ।


Post a Comment

© Qadian Times. All rights reserved. Distributed by ASThemesWorld