![]() |
| ਕਾਦੀਆਂ ਭਾਜਪਾ ਮੰਡਲ ਪ੍ਰਧਾਨ ਗੁਲਸ਼ਨ ਵਰਮਾ ਅਤੇ ਭਾਜਪਾ ਆਗੂ ਕੁਲਵਿੰਦਰ ਕੌਰ ਗੋਰਾਈਆ। (ਜ਼ੀਸ਼ਾਨ) |
ਕਾਦੀਆਂ, 19 ਜੂਨ (ਜ਼ੀਸ਼ਾਨ): ਕਾਦੀਆਂ-ਬਿਆਸ ਰੇਲਵੇ ਲਾਈਨ ਪ੍ਰੋਜੈਕਟ ਨੂੰ ਮੁੜ ਮਨਜ਼ੂਰੀ ਮਿਲਣ ਨਾਲ ਹਲਕਾ ਕਾਦੀਆਂ ਦੇ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਭਾਜਪਾ ਮੰਡਲ ਕਾਦੀਆਂ ਦੇ ਪ੍ਰਧਾਨ ਗੁਲਸ਼ਨ ਵਰਮਾ ਅਤੇ ਭਾਜਪਾ ਆਗੂ ਕੁਲਵਿੰਦਰ ਕੌਰ ਗੋਰਾਈਆ ਨੇ ਕਿਹਾ ਕਿ ਲਗਭਗ 1400 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੀ 39.68 ਕਿਲੋਮੀਟਰ ਲੰਬੀ ਇਹ ਰੇਲ ਲਾਈਨ ਮਾਝਾ ਖੇਤਰ ਦੇ ਵਿਕਾਸ, ਵਪਾਰ ਅਤੇ ਧਾਰਮਿਕ ਸੈਰ-ਸਪਾਟੇ ਨੂੰ ਨਵੀਂ ਰਫ਼ਤਾਰ ਦੇਵੇਗੀ।
ਉਨ੍ਹਾਂ ਦੱਸਿਆ ਕਿ ਇਹ ਪ੍ਰੋਜੈਕਟ ਕਾਦੀਆਂ ਨੂੰ ਬਿਆਸ ਨਾਲ ਜੋੜੇਗਾ ਅਤੇ ਢਪਈ, ਘੁਮਾਣ, ਬਟਾਲਾ ਅਤੇ ਸਠਿਆਲਾ ਵਰਗੇ ਕਈ ਮਹੱਤਵਪੂਰਨ ਪਿੰਡਾਂ ਅਤੇ ਕਸਬਿਆਂ ਵਿੱਚੋਂ ਲੰਘੇਗਾ। ਪ੍ਰੋਜੈਕਟ ਵਿੱਚ 11 ਵੱਡੇ ਪੁਲ, 121 ਛੋਟੇ ਪੁਲ, 54 ਸੜਕ ਅੰਡਰ ਬ੍ਰਿਜ ਅਤੇ ਆਧੁਨਿਕ ਸਿਗਨਲਿੰਗ ਪ੍ਰਣਾਲੀ ਸ਼ਾਮਲ ਹੋਵੇਗੀ।
ਉਨ੍ਹਾਂ ਕਿਹਾ ਕਿ ਇਸ ਰੇਲ ਲਿੰਕ ਨਾਲ ਕਿਸਾਨਾਂ, ਵਪਾਰੀਆਂ ਅਤੇ ਛੋਟੇ ਉਦਯੋਗਾਂ ਨੂੰ ਵੱਡਾ ਲਾਭ ਹੋਵੇਗਾ ਅਤੇ ਨਿਰਮਾਣ ਦੌਰਾਨ ਰੁਜ਼ਗਾਰ ਦੇ ਮੌਕੇ ਵੀ ਪੈਦਾ ਹੋਣਗੇ। ਇਸ ਤੋਂ ਇਲਾਵਾ ਕਾਦੀਆਂ, ਬਿਆਸ, ਡੇਰਾ ਬਾਬਾ ਨਾਨਕ, ਘੁਮਾਣ ਅਤੇ ਹੋਰ ਧਾਰਮਿਕ ਸਥਾਨਾਂ ਤੱਕ ਪਹੁੰਚ ਆਸਾਨ ਹੋਣ ਨਾਲ ਧਾਰਮਿਕ ਸੈਰ-ਸਪਾਟੇ ਨੂੰ ਵੀ ਹੁਲਾਰਾ ਮਿਲੇਗਾ।
