![]() |
| ਕਾਦੀਆਂ ਵਿੱਚ ਸਿਆਸੀ ਰੋਡ ਸ਼ੋ ਦੌਰਾਨ ਲੱਗੀਆਂ ਲੰਮਬੀ ਕਤਾਰਾਂ, ਗਰਮੀ ਅਤੇ ਟ੍ਰੈਫਿਕ ਰੋਕਾਂ ਕਾਰਨ ਪਰੇਸ਼ਾਨ ਹੋਏ ਲੋਕ। (ਜ਼ੀਸ਼ਾਨ) |
ਕਾਦੀਆਂ, 11 ਜੂਨ (ਜ਼ੀਸ਼ਾਨ): ਨਗਰ ਕੌਂਸਲ ਚੋਣਾਂ ਦੇ ਪ੍ਰਚਾਰ ਦੌਰਾਨ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਰੋਡ ਸ਼ੋ ਕੀਤੇ ਜਾ ਰਹੇ ਹਨ। ਇਸੇ ਤਹਿਤ ਵੱਖ-ਵੱਖ ਪਾਰਟੀ ਵੱਲੋਂ ਕਾਦੀਆਂ ਸ਼ਹਿਰ ਵਿੱਚ ਇੱਕ ਰੋਡ ਸ਼ੋ ਕੱਢਿਆ ਗਿਆ। ਰੋਡ ਸ਼ੋ ਦੌਰਾਨ ਪਾਰਟੀ ਆਗੂਆਂ ਨੇ ਲੋਕਾਂ ਨੂੰ ਆਪਣੇ ਹੱਕ ਵਿੱਚ ਵੋਟ ਪਾਉਣ ਦੀ ਅਪੀਲ ਕੀਤੀ।
ਰੋਡ ਸ਼ੋ ਦੌਰਾਨ ਸ਼ਹਿਰ ਦੇ ਥਾਣਾ ਚੌਂਕ, ਸਿਵਲ ਲਾਈਨ ਚੌਂਕ ਸਮੇਤ ਕਈ ਥਾਵਾਂ 'ਤੇ ਟ੍ਰੈਫਿਕ ਨੂੰ ਕੁਝ ਸਮੇਂ ਲਈ ਰੋਕਿਆ ਗਿਆ, ਜਿਸ ਕਾਰਨ ਆਮ ਲੋਕਾਂ ਨੂੰ ਗਰਮੀ ਵਿੱਚ ਖੜ੍ਹੇ ਰਹਿਣਾ ਪਿਆ। ਤਿੱਖੀ ਧੁੱਪ ਅਤੇ ਉੱਚ ਤਾਪਮਾਨ ਕਾਰਨ ਰਾਹਗੀਰਾਂ, ਦੁਕਾਨਦਾਰਾਂ ਅਤੇ ਵਾਹਨ ਚਾਲਕਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਕੁਝ ਸਥਾਨਕ ਲੋਕਾਂ ਨੇ ਕਿਹਾ ਕਿ ਉਨ੍ਹਾਂ ਨੂੰ ਸਿਆਸੀ ਪਾਰਟੀਆਂ ਦੇ ਪ੍ਰਚਾਰ ਨਾਲ ਕੋਈ ਇਤਰਾਜ਼ ਨਹੀਂ, ਪਰ ਰੋਡ ਸ਼ੋ ਦੌਰਾਨ ਆਮ ਜਨਤਾ ਨੂੰ ਬੇਵਜ੍ਹਾ ਪਰੇਸ਼ਾਨ ਨਹੀਂ ਕੀਤਾ ਜਾਣਾ ਚਾਹੀਦਾ। ਉਨ੍ਹਾਂ ਦਾ ਕਹਿਣਾ ਸੀ ਕਿ ਗਰਮੀ ਦੇ ਮੌਸਮ ਵਿੱਚ ਛੋਟੇ ਬੱਚਿਆਂ ਅਤੇ ਬਜ਼ੁਰਗਾਂ ਲਈ ਸੜਕਾਂ 'ਤੇ ਲੰਬੇ ਸਮੇਂ ਤੱਕ ਰੁਕਣਾ ਕਾਫ਼ੀ ਔਖਾ ਹੋ ਜਾਂਦਾ ਹੈ।
ਇਸ ਮੌਕੇ 'ਤੇ ਮਾਨਵ ਅਧਿਕਾਰ ਇੰਟਰਨੈਸ਼ਨਲ ਹਿਊਮਨ ਰਾਈਟ ਡਿਫੈਂਡਰ ਪੰਜਾਬ ਦੇ ਮੀਡੀਆ ਇੰਚਾਰਜ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਸਿਆਸੀ ਰੋਡ ਸ਼ੋ ਭਾਵੇਂ ਪਾਰਟੀਆਂ ਲਈ ਲਾਭਦਾਇਕ ਹੋ ਸਕਦੇ ਹਨ, ਪਰ ਆਮ ਲੋਕਾਂ ਨੂੰ ਹੋਣ ਵਾਲੀ ਅਸੁਵਿਧਾ ਵੱਲ ਵੀ ਧਿਆਨ ਦਿੱਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਅਤੇ ਪੁਲਿਸ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਅਜਿਹੇ ਪ੍ਰੋਗਰਾਮਾਂ ਦੌਰਾਨ ਆਮ ਜਨਤਾ ਨੂੰ ਘੱਟ ਤੋਂ ਘੱਟ ਦਿੱਕਤ ਆਵੇ।
ਸਥਾਨਕ ਲੋਕਾਂ ਨੇ ਵੀ ਮੰਗ ਕੀਤੀ ਕਿ ਭਵਿੱਖ ਵਿੱਚ ਸਿਆਸੀ ਸਮਾਗਮਾਂ ਦੌਰਾਨ ਟ੍ਰੈਫਿਕ ਪ੍ਰਬੰਧ ਅਤੇ ਜਨਤਕ ਸਹੂਲਤਾਂ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ ਤਾਂ ਜੋ ਲੋਕਾਂ ਨੂੰ ਬਿਨਾਂ ਕਿਸੇ ਪਰੇਸ਼ਾਨੀ ਦੇ ਆਪਣਾ ਰੋਜ਼ਾਨਾ ਕੰਮਕਾਜ ਕਰਨ ਦਾ ਮੌਕਾ ਮਿਲ ਸਕੇ।
