![]() |
| ਬਾਜਵਾ ਸਕੂਲ ਵਿੱਚ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਯੋਗ ਅਭਿਆਸ ਕਰਦੇ ਹੋਏ ਵਿਦਿਆਰਥੀ ਅਤੇ ਸਟਾਫ ਮੈਂਬਰ। (ਜ਼ੀਸ਼ਾਨ) |
ਕਾਦੀਆਂ, 21 ਜੂਨ (ਜ਼ੀਸ਼ਾਨ): ਐੱਸ.ਐੱਸ. ਬਾਜਵਾ ਮੈਮੋਰੀਅਲ ਪਬਲਿਕ ਸਕੂਲ ਵਿੱਚ ਐਨ.ਐੱਸ.ਐੱਸ. ਅਤੇ ਐਨ.ਸੀ.ਸੀ. ਯੂਨਿਟ ਦੇ ਤਹਿਤ ਅੰਤਰਰਾਸ਼ਟਰੀ ਯੋਗ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਨੇ ਵੱਖ-ਵੱਖ ਯੋਗ ਆਸਨਾਂ ਅਤੇ ਯੋਗ ਕਿਰਿਆਵਾਂ ਦਾ ਪ੍ਰਦਰਸ਼ਨ ਕਰਦੇ ਹੋਏ ਯੋਗ ਪ੍ਰਤੀ ਆਪਣੀ ਜਾਗਰੂਕਤਾ ਅਤੇ ਰੁਚੀ ਦਾ ਪ੍ਰਗਟਾਵਾ ਕੀਤਾ।
ਪ੍ਰੋਗਰਾਮ ਦੌਰਾਨ ਵਿਦਿਆਰਥਣਾਂ ਮਨਜੋਤ ਕੌਰ ਅਤੇ ਰਿਧਿਮਾ ਨੇ ਯੋਗ ਦੀ ਮਹੱਤਤਾ ਬਾਰੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਯੋਗ ਨਾ ਸਿਰਫ਼ ਸਰੀਰ ਨੂੰ ਤੰਦਰੁਸਤ ਅਤੇ ਮਜ਼ਬੂਤ ਬਣਾਉਂਦਾ ਹੈ, ਸਗੋਂ ਮਾਨਸਿਕ ਸ਼ਾਂਤੀ ਪ੍ਰਦਾਨ ਕਰਨ ਦੇ ਨਾਲ ਕਈ ਬਿਮਾਰੀਆਂ ਤੋਂ ਬਚਾਅ ਵਿੱਚ ਵੀ ਸਹਾਇਕ ਹੈ।
ਸਕੂਲ ਦੇ ਡਾਇਰੈਕਟਰ ਅਤੇ ਰਾਸ਼ਟਰੀ ਪੁਰਸਕਾਰ ਜੇਤੂ ਐਮ.ਐਲ. ਸ਼ਰਮਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਅੰਤਰਰਾਸ਼ਟਰੀ ਯੋਗ ਦਿਵਸ ਮਨਾਉਣ ਦਾ ਪ੍ਰਸਤਾਵ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸਾਲ 2014 ਵਿੱਚ ਸੰਯੁਕਤ ਰਾਸ਼ਟਰ ਮਹਾਸਭਾ ਵਿੱਚ ਰੱਖਿਆ ਗਿਆ ਸੀ, ਜਿਸ ਨੂੰ ਵਿਸ਼ਵ ਭਾਈਚਾਰੇ ਨੇ ਸਵੀਕਾਰ ਕੀਤਾ।
ਸਕੂਲ ਦੀ ਕੋਆਰਡੀਨੇਟਰ ਸ਼ਾਲਿਨੀ ਸ਼ਰਮਾ ਅਤੇ ਚੇਅਰਮੈਨ ਡਾ. ਰਾਜੇਸ਼ ਸ਼ਰਮਾ ਨੇ ਕਿਹਾ ਕਿ ਸਰੀਰਕ, ਮਾਨਸਿਕ ਅਤੇ ਆਧਿਆਤਮਿਕ ਸਿਹਤ ਦੇ ਸੰਤੁਲਨ ਲਈ ਯੋਗ ਬਹੁਤ ਜ਼ਰੂਰੀ ਹੈ। ਜਦਕਿ ਪ੍ਰਿੰਸੀਪਲ ਕੋਮਲ ਅਗਰਵਾਲ ਅਤੇ ਉਪ-ਪ੍ਰਿੰਸੀਪਲ ਕਪਿਲ ਸ਼ਰਮਾ ਨੇ ਵਿਦਿਆਰਥੀਆਂ ਨੂੰ ਨਿਯਮਿਤ ਤੌਰ 'ਤੇ ਯੋਗ ਅਪਣਾਉਣ ਲਈ ਪ੍ਰੇਰਿਤ ਕੀਤਾ।
ਪ੍ਰੋਗਰਾਮ ਦਾ ਸਫਲ ਸੰਚਾਲਨ ਐਨ.ਸੀ.ਸੀ. ਇੰਚਾਰਜ ਫਰਹਾਨਾ ਇਰਮ ਅਤੇ ਐਨ.ਐੱਸ.ਐੱਸ. ਇੰਚਾਰਜ ਜੋਤੀ ਭਾਟੀਆ ਦੀ ਅਗਵਾਈ ਹੇਠ ਕੀਤਾ ਗਿਆ।
