![]() |
| ਨਸ਼ਾ ਮੁਕਤ ਭਾਰਤ ਅਭਿਆਨ ਤਹਿਤ ਮੋਟਰਸਾਈਕਲ ਅਤੇ ਸਕੂਟਰ ਰੈਲੀ ਨੂੰ ਹਰੀ ਝੰਡੀ ਦਿਖਾਉਂਦੇ ਡਾਇਟ ਗੁਰਦਾਸਪੁਰ ਦੇ ਕਾਰਜਕਾਰੀ ਪ੍ਰਿੰਸੀਪਲ ਨਰੇਸ਼ ਕੁਮਾਰ, ਉਨ੍ਹਾਂ ਦੇ ਨਾਲ ਮੁਕੇਸ਼ ਵਰਮਾ ਅਤੇ ਹੋਰ। (ਜ਼ੀਸ਼ਾਨ) |
ਕਾਦੀਆਂ, 22 ਜੂਨ (ਜ਼ੀਸ਼ਾਨ): ਭਾਰਤ ਸਰਕਾਰ ਦੇ ਸਮਾਜਿਕ ਨਿਆਂ ਅਤੇ ਅਧਿਕਾਰਿਤਾ ਮੰਤਰਾਲੇ ਵੱਲੋਂ ਚਲਾਏ ਜਾ ਰਹੇ "ਨਸ਼ਾ ਮੁਕਤ ਭਾਰਤ ਅਭਿਆਨ" ਤਹਿਤ ਜਾਗਰੂਕਤਾ ਗਤੀਵਿਧੀਆਂ ਦੀ ਲੜੀ ਦੇ ਅਧੀਨ ਅੱਜ ਡਾਇਟ (DIET) ਗੁਰਦਾਸਪੁਰ ਵਿਖੇ ਇੱਕ ਵਿਸ਼ੇਸ਼ ਨਸ਼ਾ ਮੁਕਤੀ ਰੈਲੀ ਦਾ ਆਯੋਜਨ ਕੀਤਾ ਗਿਆ। ਇਸ ਰੈਲੀ ਦੀ ਸ਼ੁਰੂਆਤ ਡਾਇਟ ਗੁਰਦਾਸਪੁਰ ਦੇ ਕਾਰਜਕਾਰੀ ਪ੍ਰਿੰਸੀਪਲ ਨਰੇਸ਼ ਕੁਮਾਰ ਵੱਲੋਂ ਮੋਟਰਸਾਈਕਲ ਅਤੇ ਸਕੂਟਰ ਰੈਲੀ ਨੂੰ ਹਰੀ ਝੰਡੀ ਦਿਖਾ ਕੇ ਕੀਤੀ ਗਈ।
ਇਸ ਮੌਕੇ ਜ਼ਿਲ੍ਹਾ ਗਾਈਡੈਂਸ ਕਾਊਂਸਲਰ ਮੁਕੇਸ਼ ਵਰਮਾ ਨੇ ਹਾਜ਼ਰ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵਿਦਿਆਰਥੀ ਰਾਸ਼ਟਰ ਦਾ ਭਵਿੱਖ ਅਤੇ ਅਸਲ ਰਾਸ਼ਟਰ ਨਿਰਮਾਤਾ ਹਨ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਖੁਦ ਨਸ਼ਿਆਂ ਤੋਂ ਦੂਰ ਰਹਿਣ ਅਤੇ ਸਮਾਜ ਵਿੱਚ ਵੀ ਨਸ਼ਾ ਮੁਕਤੀ ਦਾ ਸੰਦੇਸ਼ ਫੈਲਾ ਕੇ ਇੱਕ ਤੰਦਰੁਸਤ, ਜਾਗਰੂਕ ਅਤੇ ਮਜ਼ਬੂਤ ਭਾਰਤ ਦੇ ਨਿਰਮਾਣ ਵਿੱਚ ਆਪਣਾ ਮਹੱਤਵਪੂਰਨ ਯੋਗਦਾਨ ਪਾਉਣ। ਉਨ੍ਹਾਂ ਵਿਦਿਆਰਥੀਆਂ ਨੂੰ ਨੈਤਿਕ ਕਦਰਾਂ-ਕੀਮਤਾਂ ਮਜ਼ਬੂਤ ਕਰਨ ਅਤੇ ਸਕਾਰਾਤਮਕ ਜੀਵਨ ਸ਼ੈਲੀ ਅਪਣਾਉਣ ਲਈ ਪ੍ਰੇਰਿਤ ਕੀਤਾ।
ਮੁਕੇਸ਼ ਵਰਮਾ ਨੇ ਦੱਸਿਆ ਕਿ ਨਸ਼ਾ ਮੁਕਤ ਭਾਰਤ ਅਭਿਆਨ ਤਹਿਤ ਵੱਖ-ਵੱਖ ਜਾਗਰੂਕਤਾ ਗਤੀਵਿਧੀਆਂ ਦੇ ਨਾਲ-ਨਾਲ ਸਾਰੇ ਹਿੱਸੇਦਾਰਾਂ ਲਈ ਆਨਲਾਈਨ ਜਨ-ਸੰਕਲਪ (Mass Pledge) ਮੁਹਿੰਮ ਵੀ ਚਲਾਈ ਜਾ ਰਹੀ ਹੈ, ਜਿਸ ਵਿੱਚ ਵੱਧ ਤੋਂ ਵੱਧ ਲੋਕਾਂ ਨੂੰ ਸ਼ਾਮਲ ਹੋਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।
ਇਸ ਮੌਕੇ ਸਹਾਇਕ ਕਾਊਂਸਲਰ ਹਰਦੀਪ ਸਿੰਘ ਸੈਣੀ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਰਹੇ।
ਪ੍ਰੋਗਰਾਮ ਵਿੱਚ ਡਾਇਟ ਗੁਰਦਾਸਪੁਰ ਦੇ ਫੈਕਲਟੀ ਮੈਂਬਰਾਂ ਨਰੇਸ਼ ਕੁਮਾਰ, ਤਰੁਣਜੋਤ ਕੌਰ, ਸ਼ਸ਼ੀ ਭੂਸ਼ਣ, ਵੰਦਨਾ ਗੁਪਤਾ, ਪੰਕਜ ਸ਼ਰਮਾ ਅਤੇ ਸਰਿਤਾ ਗੁਪਤਾ ਨੇ ਸਰਗਰਮ ਭੂਮਿਕਾ ਨਿਭਾਈ।
ਇਸ ਤੋਂ ਇਲਾਵਾ ਯੋਗ ਅਧਿਆਪਕਾਵਾਂ ਰਜਨੀ ਅਤੇ ਅਨੁਰਾਧਾ ਅਤੇ ਮੇਰਾ ਯੁਵਾ ਭਾਰਤ (MY Bharat) ਦੀ ਪ੍ਰਤੀਨਿਧ ਮਨਪ੍ਰੀਤ ਕੌਰ ਵੀ ਇਸ ਜਾਗਰੂਕਤਾ ਮੁਹਿੰਮ ਦਾ ਹਿੱਸਾ ਬਣੀਆਂ।
ਪ੍ਰੋਗਰਾਮ ਦੌਰਾਨ ਸਾਰੇ ਭਾਗੀਦਾਰਾਂ ਨੇ ਨਸ਼ਾ-ਮੁਕਤ ਸਮਾਜ ਦੀ ਸਿਰਜਣਾ ਦਾ ਸੰਕਲਪ ਲਿਆ ਅਤੇ ਨੌਜਵਾਨਾਂ ਨੂੰ ਜਾਗਰੂਕ ਕਰਨ ਲਈ ਸਾਂਝੇ ਯਤਨ ਜਾਰੀ ਰੱਖਣ ਦਾ ਅਹਿਦ ਦੁਹਰਾਇਆ।
