![]() |
| ਕਾਦੀਆਂ ਭਾਜਪਾ ਮੰਡਲ ਪ੍ਰਧਾਨ ਗੁਲਸ਼ਨ ਵਰਮਾ ਅਤੇ ਆਗੂ ਜਾਣਕਾਰੀ ਦਿੰਦਿਆਂ, ਬਜ਼ਾਰਾਂ ਅਤੇ ਸੜਕਾਂ ‘ਚ ਲੱਗੇ ਗੰਦਗੀ ਦੇ ਢੇਰ। (ਜ਼ੀਸ਼ਾਨ) |
ਕਾਦੀਆਂ, 19 ਮਈ (ਜ਼ੀਸ਼ਾਨ): ਪਿਛਲੇ ਕਰੀਬ 2 ਹਫ਼ਤਿਆਂ ਤੋਂ ਚੱਲ ਰਹੀ ਸਫਾਈ ਕਰਮਚਾਰੀਆਂ ਦੀ ਹੜਤਾਲ ਕਾਰਨ ਕਾਦੀਆਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਗੰਦਗੀ ਦੇ ਢੇਰ ਲੱਗ ਗਏ ਹਨ ਅਤੇ ਗੰਦਾ ਪਾਣੀ ਇਕੱਠਾ ਹੋਣ ਨਾਲ ਹਾਲਾਤ ਨਾਜ਼ੁਕ ਬਣ ਗਏ ਹਨ। ਸਬਜ਼ੀ ਮੰਡੀ ਸਮੇਤ ਕਈ ਥਾਵਾਂ ‘ਤੇ ਭਿਆਨਕ ਬਦਬੂ ਅਤੇ ਮੱਛਰਾਂ ਦੀ ਭਰਮਾਰ ਕਾਰਨ ਸ਼ਹਿਰ ਵਾਸੀ ਅਤੇ ਦੁਕਾਨਦਾਰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ।
ਇਸ ਗੰਭੀਰ ਮਸਲੇ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਦੇ ਮੰਡਲ ਪ੍ਰਧਾਨ ਗੁਲਸ਼ਨ ਵਰਮਾ ਦੀ ਅਗਵਾਈ ਹੇਠ ਭਾਜਪਾ ਵਰਕਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਗਟ ਕਰਦਿਆਂ ਸਫਾਈ ਸੇਵਕਾਂ ਦੀਆਂ ਮੰਗਾਂ ਨੂੰ ਤੁਰੰਤ ਮੰਨਣ ਅਤੇ ਸ਼ਹਿਰਾਂ ਵਿੱਚ ਫੈਲੀ ਗੰਦਗੀ ਨੂੰ ਜਲਦ ਹਟਾਉਣ ਦੀ ਮੰਗ ਕੀਤੀ। ਗੁਲਸ਼ਨ ਵਰਮਾ ਨੇ ਕਿਹਾ ਕਿ ਸਫਾਈ ਸੇਵਕ ਲੰਮੇ ਸਮੇਂ ਤੋਂ ਆਪਣੀਆਂ ਜਾਇਜ਼ ਮੰਗਾਂ ਲਈ ਸੰਘਰਸ਼ ਕਰ ਰਹੇ ਹਨ ਪਰ ਸਰਕਾਰ ਉਨ੍ਹਾਂ ਦੀਆਂ ਸਮੱਸਿਆਵਾਂ ਵੱਲ ਗੰਭੀਰ ਧਿਆਨ ਨਹੀਂ ਦੇ ਰਹੀ।
ਉਨ੍ਹਾਂ ਕਿਹਾ ਕਿ ਸਫਾਈ ਸੇਵਕਾਂ ਦੀਆਂ ਮੰਗਾਂ ਨੂੰ ਸਮੇਂ ਸਿਰ ਨਾ ਮੰਨਿਆ ਗਿਆ ਤਾਂ ਹਾਲਾਤ ਹੋਰ ਵੀ ਗੰਭੀਰ ਹੋ ਸਕਦੇ ਹਨ। ਸ਼ਹਿਰਾਂ ਵਿੱਚ ਵੱਧ ਰਹੇ ਗੰਦਗੀ ਦੇ ਢੇਰਾਂ ਕਾਰਨ ਲੋਕਾਂ ਦਾ ਜੀਣਾ ਮੁਸ਼ਕਲ ਹੋ ਰਿਹਾ ਹੈ ਅਤੇ ਡੇਂਗੂ, ਮਲੇਰੀਆ ਅਤੇ ਹੋਰ ਸੰਕਰਾਮਕ ਬਿਮਾਰੀਆਂ ਫੈਲਣ ਦਾ ਖਤਰਾ ਵੀ ਵੱਧ ਰਿਹਾ ਹੈ।
ਭਾਜਪਾ ਮੰਡਲ ਜਨਰਲ ਸਕੱਤਰ ਅਸ਼ਵਨੀ ਵਰਮਾ ਨੇ ਵੀ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਜੇਕਰ ਸਮੇਂ ਸਿਰ ਸਫਾਈ ਵਿਵਸਥਾ ਬਹਾਲ ਨਾ ਕੀਤੀ ਗਈ ਤਾਂ ਇਸ ਦਾ ਸਿੱਧਾ ਅਸਰ ਆਮ ਲੋਕਾਂ ਦੀ ਸਿਹਤ ‘ਤੇ ਪਵੇਗਾ। ਉਨ੍ਹਾਂ ਸਰਕਾਰ ਅਤੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਸਫਾਈ ਸੇਵਕਾਂ ਨਾਲ ਤੁਰੰਤ ਗੱਲਬਾਤ ਕਰਕੇ ਉਨ੍ਹਾਂ ਦੀਆਂ ਮੰਗਾਂ ਦਾ ਹੱਲ ਕੀਤਾ ਜਾਵੇ ਤਾਂ ਜੋ ਸ਼ਹਿਰ ਦੀ ਸਫਾਈ ਵਿਵਸਥਾ ਦੁਬਾਰਾ ਸੁਚਾਰੂ ਢੰਗ ਨਾਲ ਚੱਲ ਸਕੇ।
ਇਸ ਮੌਕੇ ਭਾਰਤੀ ਜਨਤਾ ਪਾਰਟੀ ਮਹਿਲਾ ਵਿੰਗ ਦੀ ਸੀਨੀਅਰ ਆਗੂ ਕੁਲਵਿੰਦਰ ਕੌਰ ਗੋਰਾਇਆ,ਜਨਰਲ ਸਕੱਤਰ ਅਸ਼ਵਨੀ ਵਰਮਾ, ਸੰਦੀਪ ਭਗਤ, ਅਨੀਸ਼ ਬਲਗਣ, ਜੋਗਿੰਦਰ ਪਾਲ ਭੁੱਟੋ, ਰਾਜਕੁਮਾਰ, ਰਜਨੀਸ਼ ਮਹਾਜਨ, ਡਾਕਟਰ ਕੋਹਲੀ ਸਮੇਤ ਕਈ ਭਾਜਪਾ ਵਰਕਰ ਹਾਜ਼ਰ ਸਨ।
