| ਸਾਇਬਰ ਠੱਗ ਦੀ ਏ.ਆਈ. ਤਸਵੀਰ। (ਜ਼ੀਸ਼ਾਨ) |
ਕਾਦੀਆਂ, 22 ਫਰਵਰੀ (ਜ਼ੀਸ਼ਾਨ)– ਕਾਦੀਆਂ ਸ਼ਹਿਰ ਅਤੇ ਨਜ਼ਦੀਕੀ ਇਲਾਕਿਆਂ ਵਿੱਚ ਪਿਛਲੇ ਦਿਨਾਂ ਦੌਰਾਨ ਫੇਕ ਅੰਤਰਰਾਸ਼ਟਰੀ ਨੰਬਰਾਂ ਰਾਹੀਂ ਸਾਇਬਰ ਠੱਗੀ ਦੇ ਮਾਮਲੇ ਵਧ ਰਹੇ ਹਨ। ਅਣਪਛਾਤੇ ਵਿਅਕਤੀ ਵਿਦੇਸ਼ੀ ਕੋਡ ਵਾਲੇ ਨੰਬਰਾਂ ਤੋਂ ਕਾਲ ਕਰਕੇ ਲੋਕਾਂ ਨੂੰ ਡਰਾਉਂਦੇ-ਧਮਕਾਉਂਦੇ ਹੋਏ ਪੈਸੇ ਠੱਗਣ ਦੀ ਕੋਸ਼ਿਸ਼ ਕਰ ਰਹੇ ਹਨ, ਜਿਸ ਕਾਰਨ ਸ਼ਹਿਰ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ।
ਸੂਤਰਾਂ ਅਨੁਸਾਰ ਠਗ ਪਹਿਲਾਂ ਆਮ ਗੱਲਬਾਤ ਕਰਦੇ ਹਨ ਅਤੇ ਫਿਰ ਕਿਸੇ ਤਰੀਕੇ ਨਾਲ ਪੀੜਤ ਦੀ ਵੀਡੀਓ ਜਾਂ ਤਸਵੀਰ ਹਾਸਲ ਕਰਨ ਦੀ ਕੋਸ਼ਿਸ਼ ਕਰਦੇ ਹਨ। ਕਈ ਮਾਮਲਿਆਂ ਵਿੱਚ ਵੀਡੀਓ ਕਾਲ ਦੌਰਾਨ ਸਕਰੀਨ ਰਿਕਾਰਡਿੰਗ ਕੀਤੀ ਜਾਂਦੀ ਹੈ ਜਾਂ ਆਰਟੀਫੀਸ਼ਲ ਇੰਟੈਲੀਜੈਂਸ ਦੀ ਮਦਦ ਨਾਲ ਫਰਜ਼ੀ ਅਤੇ ਅਸ਼ਲੀਲ ਤਸਵੀਰਾਂ ਤਿਆਰ ਕਰਕੇ ਬਲੈਕਮੇਲ ਕੀਤਾ ਜਾਂਦਾ ਹੈ। ਇਸ ਤੋਂ ਬਾਅਦ ਪੀੜਤ ਨੂੰ ਧਮਕੀ ਦਿੱਤੀ ਜਾਂਦੀ ਹੈ ਕਿ ਜੇਕਰ ਤੁਰੰਤ ਰਕਮ ਨਾ ਭੇਜੀ ਗਈ ਤਾਂ ਇਹ ਸਮੱਗਰੀ ਉਸ ਦੇ ਰਿਸ਼ਤੇਦਾਰਾਂ ਅਤੇ ਸੋਸ਼ਲ ਮੀਡੀਆ ਸੰਪਰਕਾਂ ਨੂੰ ਭੇਜ ਦਿੱਤੀ ਜਾਵੇਗੀ।
ਕੁਝ ਪੀੜਤਾਂ ਦਾ ਕਹਿਣਾ ਹੈ ਕਿ ਇਕ ਵਾਰ ਰਕਮ ਭੇਜਣ ਤੋਂ ਬਾਅਦ ਠਗ ਮੁੜ ਸੰਪਰਕ ਕਰਦੇ ਹਨ ਅਤੇ ਹੋਰ ਪੈਸਿਆਂ ਦੀ ਮੰਗ ਕਰਦੇ ਹਨ, ਜਿਸ ਨਾਲ ਪੀੜਤ ਲਗਾਤਾਰ ਬਲੈਕਮੇਲ ਦਾ ਸ਼ਿਕਾਰ ਬਣ ਜਾਂਦਾ ਹੈ। +977 ਕੋਡ ਵਾਲੇ ਕੁਝ ਨੰਬਰਾਂ ਤੋਂ ਕਾਲਾਂ ਆਉਣ ਦੀ ਜਾਣਕਾਰੀ ਮਿਲੀ ਹੈ, ਹਾਲਾਂਕਿ ਪੁਲਿਸ ਦੇ ਮੁਤਾਬਕ ਇੰਟਰਨੈੱਟ ਕਾਲਿੰਗ ਅਤੇ ਕਾਲਰ ਆਈਡੀ ਸਪੂਫਿੰਗ ਰਾਹੀਂ ਨੰਬਰ ਬਦਲੇ ਵੀ ਜਾ ਸਕਦੇ ਹਨ।
ਐਸ.ਐਚ.ਓ. ਕਾਦੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਅਜਿਹੀਆਂ ਕਾਲਾਂ ਤੋਂ ਘਬਰਾਉਣ ਦੀ ਲੋੜ ਨਹੀਂ। ਕਿਸੇ ਵੀ ਤਰ੍ਹਾਂ ਦੀ ਰਕਮ ਨਾ ਭੇਜੀ ਜਾਵੇ ਅਤੇ ਤੁਰੰਤ ਨਜ਼ਦੀਕੀ ਪੁਲਿਸ ਥਾਣੇ ਜਾਂ ਰਾਸ਼ਟਰੀ ਸਾਇਬਰ ਕਰਾਈਮ ਪੋਰਟਲ 'ਤੇ ਸ਼ਿਕਾਇਤ ਦਰਜ ਕਰਵਾਈ ਜਾਵੇ।
ਪੁਲਿਸ ਵੱਲੋਂ ਜਾਰੀ ਸਾਵਧਾਨੀਆਂ:
ਅਣਜਾਣ ਅੰਤਰਰਾਸ਼ਟਰੀ ਨੰਬਰਾਂ ਤੋਂ ਆਈਆਂ ਵੀਡੀਓ ਕਾਲਾਂ ਨਾ ਉਠਾਓ।
ਸੋਸ਼ਲ ਮੀਡੀਆ ਦੀ ਪ੍ਰਾਈਵੇਸੀ ਸੈਟਿੰਗ "Friends Only" ਰੱਖੋ।
ਫੇਸਬੁੱਕ ਅਤੇ ਵਟਸਐਪ 'ਤੇ Two-Step Verification ਚਾਲੂ ਕਰੋ।
ਨਿੱਜੀ ਤਸਵੀਰਾਂ ਜਾਂ ਜਾਣਕਾਰੀ ਅਣਪਛਾਤੇ ਲੋਕਾਂ ਨਾਲ ਸਾਂਝੀ ਨਾ ਕਰੋ।
ਸ਼ੱਕੀ ਨੰਬਰਾਂ ਨੂੰ ਤੁਰੰਤ ਬਲੌਕ ਅਤੇ ਰਿਪੋਰਟ ਕਰੋ।
ਸਮਾਜਿਕ ਆਗੂਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਗੰਭੀਰ ਜਾਂਚ ਕਰਕੇ ਅਜਿਹੇ ਗਿਰੋਹਾਂ 'ਤੇ ਨੱਥ ਪਾਈ ਜਾਵੇ ਅਤੇ ਲੋਕਾਂ ਵਿੱਚ ਜਾਗਰੂਕਤਾ ਮੁਹਿੰਮ ਚਲਾਈ ਜਾਵੇ। ਮਾਹਿਰਾਂ ਦੇ ਅਨੁਸਾਰ ਸਾਇਬਰ ਅਪਰਾਧਾਂ ਵਿੱਚ ਵਾਧਾ ਹੋ ਰਿਹਾ ਹੈ, ਇਸ ਲਈ ਲੋਕਾਂ ਨੂੰ ਡਿਜੀਟਲ ਸੁਰੱਖਿਆ ਬਾਰੇ ਸਚੇਤ ਰਹਿਣਾ ਬਹੁਤ ਜ਼ਰੂਰੀ ਹੈ।