| ਕੈਂਪ ਦੌਰਾਨ ਕਿਸਾਨਾਂ ਨੂੰ ਜਾਣਕਾਰੀ ਦਿੰਦੇ ਹੋਏ ਵਿਭਾਗ ਦੇ ਅਧਿਕਾਰੀ ਅਤੇ ਨਾਲ ਪਿੰਡ ਨੱਤ ਦੇ ਸਰਪੰਚ ਸੁਖਵਿੰਦਰ ਸਿੰਘ ਤੇ ਹੋਰ। (ਜ਼ੀਸ਼ਾਨ) |
ਕਾਦੀਆਂ, 27 ਫਰਵਰੀ (ਜ਼ੀਸ਼ਾਨ)- ਖੇਤੀਬਾੜੀ ਦਫਤਰ ਕਾਦੀਆਂ ਸਰਕਲ ਕੰਡੀਲਾ ਵੱਲੋਂ ਪਿੰਡ ਨੱਤ ਵਿਖੇ ਪੀ.ਐਮ ਕਿਸਾਨ ਯੋਜਨਾ ਦੀ ਰਜਿਸਟਰੇਸ਼ਨ ਅਤੇ ਪਰਾਲੀ ਨੂੰ ਅੱਗ ਨਾ ਲਗਾਉਣ ਬਾਰੇ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਵਿਸ਼ੇਸ਼ ਕੈਂਪ ਲਗਾਇਆ ਗਿਆ।
ਕੈਂਪ ਦੌਰਾਨ ਖੇਤੀਬਾੜੀ ਵਿਸਥਾਰ ਅਫਸਰ ਹਰਪ੍ਰੀਤ ਸਿੰਘ ਬੋਪਾਰਾਏ ਅਤੇ ਖੇਤੀਬਾੜੀ ਇੰਸਪੈਕਟਰ ਨਵਜੋਤ ਕੌਰ ਨੇ ਕਿਸਾਨਾਂ ਨੂੰ ਪੀ.ਐਮ ਕਿਸਾਨ ਯੋਜਨਾ ਦੀ ਰਜਿਸਟਰੇਸ਼ਨ ਕਰਵਾਉਣ ਲਈ ਪ੍ਰੇਰਿਤ ਕੀਤਾ ਅਤੇ ਇਸਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਉਨ੍ਹਾਂ ਨੇ ਕਣਕ ਦੀ ਫਸਲ ਵਿੱਚ ਪੀਲੀ ਕੁੰਗੀ ਅਤੇ ਤੇਲੇ ਤੋਂ ਬਚਾਅ ਲਈ ਸਲਾਹਾਂ ਵੀ ਦਿੱਤੀਆਂ।
ਅਧਿਕਾਰੀਆਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਫਸਲ ਦੇ ਨਾੜ ਨੂੰ ਅੱਗ ਨਾ ਲਗਾਈ ਜਾਵੇ ਕਿਉਂਕਿ ਇਸ ਨਾਲ ਮਿੱਟੀ ਦੇ ਲਾਭਦਾਇਕ ਤੱਤ ਨਸ਼ਟ ਹੋ ਜਾਂਦੇ ਹਨ ਅਤੇ ਫਸਲ ਦੀ ਪੈਦਾਵਾਰ ਘਟਦੀ ਹੈ। ਉਨ੍ਹਾਂ ਦੱਸਿਆ ਕਿ ਪਰਾਲੀ ਨੂੰ ਅੱਗ ਲਗਾਉਣ ਨਾਲ ਵਾਤਾਵਰਨ ਪ੍ਰਦੂਸ਼ਿਤ ਹੁੰਦਾ ਹੈ ਅਤੇ ਕਈ ਵਾਰ ਹਾਦਸਿਆਂ ਕਾਰਨ ਜਾਨੀ ਨੁਕਸਾਨ ਵੀ ਹੋ ਸਕਦਾ ਹੈ।
ਇਸ ਮੌਕੇ ਪਿੰਡ ਨੱਤ ਦੇ ਸਰਪੰਚ ਸੁਖਵਿੰਦਰ ਸਿੰਘ ਨੇ ਵਿਭਾਗੀ ਟੀਮ ਦਾ ਧੰਨਵਾਦ ਕਰਦੇ ਹੋਏ ਭਰੋਸਾ ਦਿੱਤਾ ਕਿ ਪਿੰਡ ਵਾਸੀ ਪਰਾਲੀ ਨਾ ਸਾੜਨ ਅਤੇ ਸਰਕਾਰੀ ਯੋਜਨਾਵਾਂ ਦਾ ਲਾਭ ਲੈਣ ਲਈ ਪੂਰਾ ਸਹਿਯੋਗ ਦੇਣਗੇ।
ਕੈਂਪ ਦੌਰਾਨ ਨਿਰਵੈਲ ਸਿੰਘ ਫੀਲਡ ਵਰਕਰ ਸਮੇਤ ਪਿੰਡ ਦੇ ਮੈਂਬਰ ਪੰਚਾਇਤ ਅਤੇ ਕਈ ਕਿਸਾਨ ਵੀ ਮੌਜੂਦ ਸਨ।