ਕਾਦੀਆਂ, 17 ਅਕਤੂਬਰ (ਜ਼ੀਸ਼ਾਨ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ ਕਰਵਾਏ ਗਏ ਅੰਤਰ-ਕਾਲਜ ਵਾਲੀਬਾਲ ਟੂਰਨਾਮੈਂਟ ਵਿੱਚ ਸਿੱਖ ਨੈਸ਼ਨਲ ਕਾਲਜ ਕਾਦੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਚੈਂਪੀਅਨ ਟਰਾਫ਼ੀ ਜਿੱਤੀ। ਪ੍ਰਿੰਸੀਪਲ ਡਾ. ਹਰਪ੍ਰੀਤ ਸਿੰਘ ਹੁੰਦਲ ਅਤੇ ਖੇਡ ਵਿਭਾਗ ਦੇ ਮੁਖੀ ਤੇ ਟੀਮ ਕੋਚ ਡਾ. ਸਿਮਰਤਪਾਲ ਸਿੰਘ ਨੇ ਦੱਸਿਆ ਕਿ ਕਾਲਜ ਦੀ ਟੀਮ ਨੇ ਫਾਈਨਲ ਵਿੱਚ ਸ਼ਹਿਜ਼ਾਦਾ ਨੰਦ ਕਾਲਜ ਅੰਮ੍ਰਿਤਸਰ ਨੂੰ 3-1 ਨਾਲ ਹਰਾਇਆ।
ਟੀਮ ਦੇ ਖਿਡਾਰੀ ਸਰਪ੍ਰੀਤ ਸਿੰਘ, ਉਮੈਦ ਸਿੰਘ, ਰੌਣਕ, ਰਿਤਿਕਵੀਰ ਸਿੰਘ ਅਤੇ ਪਵਨ ਚੌਧਰੀ ਨੂੰ ਅੰਤਰ-ਯੂਨੀਵਰਸਿਟੀ ਵਾਲੀਬਾਲ ਟੂਰਨਾਮੈਂਟ ਲਈ ਚੁਣਿਆ ਗਿਆ ਹੈ। ਇਸ ਤੋਂ ਪਹਿਲਾਂ ਵੀ ਕਾਲਜ ਕਬੱਡੀ ਟੂਰਨਾਮੈਂਟ ਦਾ ਚੈਂਪੀਅਨ ਰਹਿ ਚੁੱਕਾ ਹੈ।
ਜੇਤੂ ਟੀਮ ਦੀ ਕਾਲਜ ਵਾਪਸੀ 'ਤੇ ਡਾ. ਸਿਮਰਤਪਾਲ ਸਿੰਘ ਦਾ ਪ੍ਰਿੰਸੀਪਲ ਡਾ. ਹਰਪ੍ਰੀਤ ਸਿੰਘ ਹੁੰਦਲ ਤੇ ਸਮੂਹ ਸਟਾਫ਼ ਵੱਲੋਂ ਸਵਾਗਤ ਕੀਤਾ ਗਿਆ। ਡਾ. ਹੁੰਦਲ ਨੇ ਕਿਹਾ ਕਿ ਕਾਲਜ ਅਕਾਦਮਿਕ ਦੇ ਨਾਲ ਖੇਡਾਂ ਵਿੱਚ ਵੀ ਉੱਚੀਆਂ ਕਾਮਯਾਬੀਆਂ ਹਾਸਲ ਕਰ ਰਿਹਾ ਹੈ।
ਇਸ ਮੌਕੇ ਕਾਲਜ ਪ੍ਰਬੰਧਕ ਕਮੇਟੀ ਦੇ ਸਕੱਤਰ ਡਾ. ਬਲਚਰਨਜੀਤ ਸਿੰਘ ਭਾਟੀਆ ਅਤੇ ਮੈਂਬਰਾਂ ਵੱਲੋਂ ਪ੍ਰਿੰਸੀਪਲ ਡਾ. ਹੁੰਦਲ, ਡਾ. ਸਿਮਰਤਪਾਲ ਸਿੰਘ ਅਤੇ ਸਮੂਹ ਜੇਤੂ ਖਿਡਾਰੀਆਂ ਨੂੰ ਮੁਬਾਰਕਬਾਦ ਦਿੱਤੀ ਗਈ। ਯੂਨੀਵਰਸਿਟੀ ਵਿਖੇ ਖੇਡ ਵਿਭਾਗ ਦੇ ਮੁਖੀ ਡਾ. ਸਿਮਰਤਪਾਲ ਸਿੰਘ ਅਤੇ ਟੀਮ ਨੂੰ ਯੂਨੀਵਰਸਿਟੀ ਵਾਲੀਬਾਲ ਕੋਚ ਡਾ. ਜਗਦੀਪ ਸਿੰਘ ਅਤੇ ਹੋਰ ਅਧਿਕਾਰੀਆਂ ਵੱਲੋਂ ਟਰਾਫ਼ੀ ਦੇ ਕੇ ਸਨਮਾਨਿਤ ਕੀਤਾ ਗਿਆ।