ਸਾਰੀਆਂ ਸਿਆਸੀ ਪਾਰਟੀਆਂ ਇੱਕਜੁੱਟ ਹੋਕੇ ਹੜ੍ਹ ਪੀੜਤਾਂ ਦੀ ਮਦਦ ਕਰਨ- ਪ੍ਰਿੰਸੀਪਲ ਸ਼ਰਮਾ

ਪ੍ਰਿੰਸੀਪਲ ਮਨੋਹਰ ਲਾਲ ਸ਼ਰਮਾ। (ਜ਼ੀਸ਼ਾਨ)
ਕਾਦੀਆਂ, 12 ਸਤੰਬਰ (ਜ਼ੀਸ਼ਾਨ)–  ਰਾਸ਼ਟਰਪਤੀ ਐਵਾਰਡ ਹਾਸਲ ਕਰ ਚੁੱਕੇ ਅਤੇ ਸਾਬਕਾ ਮੀਡੀਆ ਸਲਾਹਕਾਰ ਮੁੱਖ ਮੰਤਰੀ ਪੰਜਾਬ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਸੈਨੇਟ ਮੈਂਬਰ ਪ੍ਰਿੰਸੀਪਲ ਮਨੋਹਰ ਲਾਲ ਸ਼ਰਮਾ ਨੇ ਬਿਆਨ ਜਾਰੀ ਕਰਦਿਆਂ ਪਿਆਰ ਅਤੇ ਸਤਿਕਾਰ ਸਹਿਤ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਬੇਨਤੀ ਕੀਤੀ ਹੈ ਕਿ ਉਹ 2027 ਦੀਆਂ ਚੋਣਾਂ ਨੂੰ ਕੁਝ ਮਹੀਨਿਆਂ ਲਈ ਭੁੱਲ ਜਾਣ ਅਤੇ ਹੜ੍ਹ ਪੀੜਤ ਪੰਜਾਬੀਆਂ ਦੀ ਸੇਵਾ ਕਰਨ ਤੇ ਉਨ੍ਹਾਂ ਨੂੰ ਮੁੜ ਵਸੇਬੇ ਕਰਨ ਵਿੱਚ ਮਦਦ ਕਰਨ।
ਉਨ੍ਹਾਂ ਕਿਹਾ ਕਿ ਇਸ ਦੁੱਖ ਦੇ ਸਮੇਂ ਚੰਗੀਆਂ-ਮੰਦੀਆਂ ਟਿੱਪਣੀਆਂ ਕਰਨਾ ਲੋਕਾਂ ਦੇ ਮਨਾਂ ਨੂੰ ਹੋਰ ਦੁਖੀ ਕਰਦਾ ਹੈ। ਲੋਕ ਸੇਵਾ ਨੂੰ ਖੁਦ ਪਹਿਚਾਣ ਦੇ ਹਨ ਅਤੇ ਇਸ ਦਾ ਸਿਆਸੀ ਲਾਭ ਵੀ ਆਪ ਹੀ ਮਿਲ ਜਾਂਦਾ ਹੈ।
ਉਨ੍ਹਾਂ ਅੱਗੇ ਕਿਹਾ ਕਿ ਹੜ੍ਹ ਪੀੜਤ ਲੋਕਾਂ ਨੂੰ ਮੁੜ ਆਪਣੇ ਪੈਰਾਂ 'ਤੇ ਖੜ੍ਹਾ ਹੋਣ ਵਿੱਚ ਲਗਭਗ ਇੱਕ ਸਾਲ ਲੱਗੇਗਾ। ਪ੍ਰਭਾਵਿਤ ਖੇਤਰਾਂ ਨੂੰ ਕੁਝ ਜ਼ੋਨਾਂ ਵਿੱਚ ਵੰਡ ਕੇ ਸਹਾਇਤਾ ਲੋੜ ਅਨੁਸਾਰ ਲੋੜਵੰਦਾਂ ਤੱਕ ਪਹੁੰਚਾਈ ਜਾਵੇ। ਅਕਸਰ ਵੇਖਿਆ ਗਿਆ ਹੈ ਕਿ ਸਮਾਨ ਦੀਆਂ ਟਰਾਲੀਆਂ 'ਚੋਂ ਕੁਝ ਲੋਕ ਬੇਵਜ੍ਹਾ ਜ਼ਿਆਦਾ ਸਮਾਨ ਚੁੱਕ ਕੇ ਘਰ ਭਰ ਰਹੇ ਹਨ।
ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਸਮਾਜ ਸੇਵੀ ਸੰਸਥਾਵਾਂ ਲੋਕਾਂ ਦੀ ਬਿਨਾਂ ਕਿਸੇ ਲਾਭ ਦੀ ਸੋਚ ਤੋਂ ਮਦਦ ਕਰ ਰਹੀਆਂ ਹਨ, ਉਸੇ ਤਰ੍ਹਾਂ ਸਿਆਸੀ ਪਾਰਟੀਆਂ ਨੂੰ ਵੀ ਬਿਨਾਂ ਸਿਆਸੀ ਸੋਚ ਦੇ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ। ਲੋਕ ਅਣਜਾਣ ਨਹੀਂ ਹਨ, ਉਹ ਸਭ ਕੁਝ ਸਮਝਦੇ ਹਨ। ਜੇ ਕੋਈ ਵੀ, ਚਾਹੇ ਉਹ ਸਿਆਸੀ ਨੇਤਾ ਹੋਵੇ, ਕੋਈ ਸੰਸਥਾ ਜਾਂ ਕਿਸੇ ਜਾਤੀ ਦੇ ਲੋਕ  ਜੋ ਵੀ ਯੋਗਦਾਨ ਦਿੰਦੇ ਹਨ, ਉਨ੍ਹਾਂ 'ਤੇ ਰੱਬ ਆਪ ਹੀ ਮਿਹਰਬਾਨ ਹੁੰਦਾ ਹੈ।

إرسال تعليق

© Qadian Times. All rights reserved. Distributed by ASThemesWorld