ਫਾਇਨਾਂਸ ਕੰਪਨੀਆਂ ਵੱਲੋਂ 20 ਪ੍ਰਤੀਸ਼ਦ ਮਹੀਨਾਵਾਰ ਵਿਆਜ ਵਸੂਲੀ, ਰਿਕਸ਼ਾ ਚਾਲਕ ਨੇ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼

ਕਾਦੀਆਂ, 6 ਸਤੰਬਰ (ਜ਼ੀਸ਼ਾਨ): ਕਾਦੀਆਂ ਦੇ ਮੁਹੱਲਾ ਕ੍ਰਿਸ਼ਨਾ ਨਗਰ ਵਿੱਚ ਇੱਕ ਰਿਕਸ਼ਾ ਚਾਲਕ ਰਾਜ ਕੁਮਾਰ ਨੇ ਫਾਇਨਾਂਸ ਕੰਪਨੀ ਵੱਲੋਂ ਲਾਏ ਗਏ ਭਾਰੀ ਵਿਆਜ ਅਤੇ ਧਮਕੀਆਂ ਕਾਰਨ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ, ਜਿਸਨੂੰ ਉਸਦੀ ਪਤਨੀ ਅਲਕਾ ਨੇ ਪੈਰ ਫੜ ਕੇ ਬਚਾ ਲਿਆ।

ਰਾਜ ਕੁਮਾਰ ਨੇ ਦੱਸਿਆ ਕਿ ਉਸਨੇ 16 ਜੁਲਾਈ ਨੂੰ ਮਹਿਤਾ ਦੀ ਇਕ ਫਾਇਨਾਂਸ ਕੰਪਨੀ ਤੋਂ 10 ਹਜ਼ਾਰ ਰੁਪਏ ਦਾ ਕੇਸ ਕਰਵਾਇਆ ਸੀ। ਪਹਿਲੇ ਹੀ ਮਹੀਨੇ ਵਿੱਚ ਵਿਆਜ ਅਤੇ ਫਾਈਲ ਚਾਰਜ ਕੱਟ ਕੇ ਕੇਵਲ 8,300 ਹੀ ਉਸਦੇ ਖਾਤੇ ਵਿੱਚ ਪਾਏ ਗਏ। ਉਸਨੂੰ 13 ਹਫ਼ਤਿਆਂ ਲਈ ਹਰ ਹਫ਼ਤਾ 1,200 ਵਾਪਸ ਕਰਨ ਲਈ ਕਿਹਾ ਗਿਆ।

ਪਿਛਲੇ ਦਿਨਾਂ ਲਗਾਤਾਰ ਮੀਂਹ ਕਾਰਨ ਰਿਕਸ਼ਾ ਚਲਾਉਣ ਦਾ ਕੰਮ ਨਾ ਮਿਲਣ ਕਾਰਨ ਉਹ ਕਿਸ਼ਤਾਂ ਨਹੀਂ ਦੇ ਸਕਿਆ। ਫਾਇਨਾਂਸ ਕੰਪਨੀ ਦੇ ਕਰਮਚਾਰੀਆਂ ਨੇ ਉਸਨੂੰ ਘਰੇਲੂ ਸਮਾਨ ਖੋਹਣ ਅਤੇ 1 ਲੱਖ ਰੁਪਏ ਦਾ ਕੇਸ ਦਰਜ ਕਰਨ ਦੀ ਧਮਕੀ ਦਿੱਤੀ। ਇਸ ਤੋਂ ਤੰਗ ਆ ਕੇ ਉਸਨੇ ਫਾਹਾ ਲੈ ਲਿਆ, ਪਰ ਪਤਨੀ ਅਲਕਾ ਅਤੇ ਪੜੋਸੀਆਂ ਨੇ ਉਸਦੀ ਜਾਨ ਬਚਾਈ। ਡਾਕਟਰ ਵੱਲੋਂ ਤੁਰੰਤ ਇਲਾਜ ਕਰਕੇ ਉਸਨੂੰ ਹੋਸ਼ ਵਿੱਚ ਲਿਆਇਆ ਗਿਆ ਜਿਸ ਕਾਰਨ ਉਸਦੀ ਜਾਨ ਬੱਚ ਸਕੀ। 

ਅਲਕਾ ਨੇ ਕਿਹਾ ਕਿ ਸਰਕਾਰ ਜਿੱਥੇ ਕਿਸਾਨਾਂ ਲਈ ਸਹਾਇਤਾ ਦਾ ਦਾਅਵਾ ਕਰਦੀ ਹੈ, ਉੱਥੇ ਹੀ ਇਨ੍ਹਾਂ ਵਿੱਤ ਕੰਪਨੀਆਂ 'ਤੇ ਵੀ ਨਿਗਰਾਨੀ ਹੋਣੀ ਚਾਹੀਦੀ ਹੈ, ਜੋ ਲੋੜ੍ਹ ਵੰਦਾ ਦੀ ਮਜਬੂਰੀ ਤੇ ਮਨਮਾਨੇ ਵਿਆਜ ਵਸੂਲ ਰਹੀਆਂ ਹਨ।

ਦੂਜੇ ਪਾਸੇ, ਕੰਪਨੀ ਦੇ ਮਾਲਕ ਨੇ ਕਿਹਾ ਕਿ ਗਾਹਕ ਵੱਖ-ਵੱਖ ਕੰਪਨੀਆਂ ਤੋਂ ਕਰਜ਼ੇ ਲੈ ਕੇ ਪੈਸੇ ਵਾਪਸ ਕਰਨ ਸਮੇਂ ਧਮਕੀਆਂ ਦਿੰਦੇ ਹਨ। 10 ਹਜ਼ਾਰ ਰੁਪਏ ਤੇ 6 ਹਜ਼ਾਰ ਵਿਆਜ ਦੇ ਸਵਾਲ 'ਤੇ ਉਨ੍ਹਾਂ ਕਿਹਾ ਕਿ ਇਸ ਵਿੱਚ ਫਾਈਲ ਚਾਰਜ, ਏਜੰਟ ਦਾ ਕਮੀਸ਼ਨ ਅਤੇ ਰਿਕਵਰੀ ਖ਼ਰਚੇ ਵੀ ਸ਼ਾਮਲ ਹਨ।

ਇਸ ਮਾਮਲੇ 'ਤੇ ਭਾਜਪਾ ਦੇ ਸਾਬਕਾ ਮੰਡਲ ਪ੍ਰਧਾਨ ਡਾ. ਅਜੇ ਕੁਮਾਰ ਛਾਬੜਾ ਨੇ ਕਿਹਾ ਕਿ ਵਿੱਤ ਕੰਪਨੀਆਂ ਵੱਲੋਂ 20 ਫ਼ੀਸਦ ਵਿਆਜ ਵਸੂਲੀ ਲੋਕਾਂ ਲਈ ਮਾਰੂ ਸਾਬਤ ਹੋ ਰਹੀ ਹੈ ਅਤੇ ਇਸਦੇ ਵਿਰੁੱਧ ਆਰ.ਬੀ.ਆਈ ਨੂੰ ਸ਼ਿਕਾਇਤ ਭੇਜੀ ਜਾਵੇਗੀ।




Post a Comment

© Qadian Times. All rights reserved. Distributed by ASThemesWorld