ਬਿਆਸ ਦਰਿਆ ਨੇ ਬਹਾਦਰਪੁਰ ਰਜੋਆ ‘ਚ ਮਚਾਈ ਤਬਾਹੀ, ਵਾਹੀਯੋਗ ਜ਼ਮੀਨ ਹਰ ਰੋਜ਼ ਹੋ ਰਹੀ ਦਰਿਆ ਵਿੱਚ ਸ਼ਾਮਲ

ਬਿਆਸ ਦਰਿਆ ਵੱਲੋਂ ਪਿੰਡ ਦੀ ਜ਼ਮੀਨ ਦਾ ਕਟਾਓ ਵਿਖਾਉਂਦਿਆਂ। (ਜ਼ੀਸ਼ਾਨ)
ਬਿਆਸ ਦਰਿਆ ਨੇ ਬਹਾਦਰਪੁਰ ਰਜੋਆ 'ਚ ਮਚਾਈ ਤਬਾਹੀ, ਵਾਹੀਯੋਗ ਜ਼ਮੀਨ ਹਰ ਰੋਜ਼ ਹੋ ਰਹੀ ਦਰਿਆ ਵਿੱਚ ਸ਼ਾਮਲ
ਕਾਦੀਆਂ, 8 ਸਤੰਬਰ (ਜ਼ੀਸ਼ਾਨ): ਪਿੰਡ ਬਹਾਦਰਪੁਰ ਰਜੋਆ ਵਿੱਚ ਬਿਆਸ ਦਰਿਆ ਨੇ ਭਿਆਨਕ ਰੂਪ ਧਾਰ ਲਿਆ ਹੈ। ਪਿਛਲੇ ਕੁਝ ਹਫ਼ਤਿਆਂ ਤੋਂ ਦਰਿਆ ਦਾ ਰੁਖ ਬਦਲਣ ਕਾਰਨ ਪਿੰਡ ਦੀ ਉਪਜਾਊ ਜ਼ਮੀਨ ਹਰ ਰੋਜ਼ ਦਰਿਆ ਦੇ ਪਾਣੀ ਦੀ ਲਪੇਟ ਵਿੱਚ ਆ ਰਹੀ ਹੈ। ਕਿਸਾਨਾਂ ਦੇ ਮੁਤਾਬਕ ਲਗਭਗ 4 ਤੋਂ 5 ਕਿੱਲੇ ਜ਼ਮੀਨ ਰੋਜ਼ਾਨਾ ਦਰਿਆ ਵਿੱਚ ਸਮਾ ਰਹੀ ਹੈ।
ਕਿਸਾਨ ਅਮਰੀਕ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ 6 ਏਕੜ ਜ਼ਮੀਨ ਸੀ ਪਰ ਪਿਛਲੇ ਦੋ ਹਫ਼ਤਿਆਂ ਵਿੱਚ ਹੀ 2 ਏਕੜ ਦਰਿਆ ਵਿਚ ਬਹ ਗਈ। ਉਸਨੇ ਕਿਹਾ ਕਿ ਜੇ ਹਾਲਾਤ ਇਹੋ ਜਿਹੇ ਰਹੇ ਤਾਂ ਅਗਲੇ ਸਾਲ ਤੱਕ ਕੁਝ ਵੀ ਨਹੀਂ ਬਚੇਗਾ। ਪਿੰਡ ਵਾਸੀ ਬਲਕਾਰ ਸਿੰਘ ਨੇ ਕਿਹਾ ਕਿ ਦਰਿਆ ਦਾ ਬਹਾਵ ਘਰਾਂ ਦੇ ਨੇੜੇ ਪਹੁੰਚ ਗਿਆ ਹੈ ਅਤੇ ਕਿਸੇ ਵੀ ਵੇਲੇ ਘਰ ਪਾਣੀ ਵਿੱਚ ਸਮਾ ਸਕਦੇ ਹਨ, ਜਿਸ ਕਾਰਨ ਲੋਕ ਰਾਤੀਂ ਚੈਨ ਨਾਲ ਨਹੀਂ ਸੋ ਸਕਦੇ।
ਦਿਲਬਾਗ ਸਿੰਘ, ਦੀਦਾਰ ਸਿੰਘ, ਰਣਜੀਤ ਸਿੰਘ ਤੇ ਜੋਗਿੰਦਰ ਸਿੰਘ ਸਮੇਤ ਕਈ ਕਿਸਾਨਾਂ ਦੀ ਜ਼ਮੀਨ ਵੀ ਦਰਿਆ ਦੀ ਮਾਰ ਹੇਠ ਆ ਗਈ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜੇ ਤੁਰੰਤ ਕਾਬੂ ਨਾ ਪਾਇਆ ਗਿਆ ਤਾਂ ਹਜ਼ਾਰਾਂ ਏਕੜ ਉਪਜਾਊ ਜ਼ਮੀਨ ਤੇ ਸੈਂਕੜੇ ਪਰਿਵਾਰ ਤਬਾਹੀ ਦੀ ਚਪੇਟ ਵਿੱਚ ਆ ਜਾਣਗੇ।
ਸਰਪੰਚ ਕੈਪਟਨ ਕੁਲਵਿੰਦਰ ਸਿੰਘ ਨੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਦਰਿਆ ਦੇ ਬਹਾਵ ਨੂੰ ਦੂਜੇ ਪਾਸੇ ਮੋੜਨ ਲਈ ਤੁਰੰਤ ਕਦਮ ਚੁੱਕੇ ਜਾਣ ਅਤੇ ਮਜ਼ਬੂਤ ਬੰਨ੍ਹਾਂ ਦੀ ਨਿਰਮਾਣ ਕਰਕੇ ਪਿੰਡ ਨੂੰ ਬਚਾਇਆ ਜਾਵੇ। ਇਸ ਮੌਕੇ ਕੈਪਟਨ ਨੌਨਿਹਾਲ ਸਿੰਘ, ਮਾਸਟਰ ਸਤਨਾਮ ਸਿੰਘ, ਅਮਰੀਕ ਸਿੰਘ, ਦੀਦਾਰ ਸਿੰਘ ਅਤੇ ਹੋਰ ਕਈ ਪਿੰਡ ਵਾਸੀ ਹਾਜ਼ਰ ਸਨ।

إرسال تعليق

© Qadian Times. All rights reserved. Distributed by ASThemesWorld